ਸ਼ੇਰਪੁਰ: ਸਮਾਜ ਸੇਵਕ ਵੈੱਲਫ਼ੇਅਰ ਕਲੱਬ ਘਨੌਰੀ ਕਲਾਂ ਨੇ ਪਿੰਡ ਦੀ ਲਟੀਆ ਪੱਤੀ ਸੱਥ ’ਚ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਨਵਜੰਮੀਆਂ 36 ਧੀਆਂ ਦੀ ਲੋਹੜੀ ਮਨਾ ਕੇ ਸਮਾਜ ਵਿੱਚ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਦਰਜਾ ਦੇਣ ਦਾ ਸੱਦਾ ਦਿੱਤਾ ਹੈ। ਕਲੱਬ ਪ੍ਰਧਾਨ ਅਮਰੀਕ ਸਿੰਘ ਮਾਨ ਤੇ ਸਕੱਤਰ ਪ੍ਰਗਟ ਸਿੰਘ ਹੈਪੀ ਦੀ ਸਾਂਝੀ ਅਗਵਾਈ ਹੇਠ ਕਰਵਾਏ, ਇਸ ਸਾਲਾਨਾ ਸਮਾਗਮ ਦੌਰਾਨ ਧਾਰਮਿਕ ਸ਼ਖ਼ਸੀਅਤ ਬਾਬਾ ਜਗਜੀਤ ਸਿੰਘ ਕਲੇਰਾਂ, ਕੋਆਪਰੇਟਿਵ ਸੁਸਾਇਟੀ ਦੇ ਉਪ ਪ੍ਰਧਾਨ ਪ੍ਰਗਟ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਨਵਜੰਮੀਆਂ ਧੀਆਂ ਨੂੰ ਸੂਟ ਤੇ ਗਿਫ਼ਟ ਦੇ ਕੇ ਉਨ੍ਹਾਂ ਦੇ ਮਾਪਿਆਂ ਨੂੰ ਖਾਸ ਮਾਣ ਸਨਮਾਨ ਦਿੱਤਾ ਗਿਆ। ਕਲੱਬ ਨੇ ਘਨੌਰ ਕਲਾਂ, ਘਨੌਰੀ ਕਲਾਂ ਸਮੇਤ ਆਲੇ-ਦੁਆਲੇ ਦੇ ਅੱਧੀ ਦਰਜਨ ਪਿੰਡਾਂ ਦੇ ਇਤਿਹਾਸ ਦੀ ਲਿਖੀ ‘ਮੇਰੇ ਪਿੰਡ ਦੀ ਕਹਾਣੀ’ ਖੋਜੀ ਕਿਤਾਬ ਬਦਲੇ ਸੇਵਾਮੁਕਤ ਅਧਿਆਪਕ ਗੁਰਮੇਲ ਸਿੰਘ ਘਨੌਰ ਦਾ ਵਿਸ਼ੇਸ਼ ਸਨਮਾਨ ਕੀਤਾ। -ਪੱਤਰ ਪ੍ਰੇਰਕ