ਪੱਤਰ ਪ੍ਰੇਰਕ
ਸੰਗਰੂਰ, 25 ਮਈ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦਿਆਂ ਭਾਈ ਮਲਕੀਤ ਸਿੰਘ ਚੰਗਾਲ ਨੂੰ ਪਾਰਟੀ ਦੇ ਅਨੁਸੂਚਿਤ ਜਾਤੀ ਵਿੰਗ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ| ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂਆਂ ਵੱਲੋਂ ਅੱਜ ਗੁਰਦੁਆਰਾ ਨਾਨਕਿਆਣਾ ਸਾਹਿਬ ਵਿੱਚ ਭਾਈ ਮਲਕੀਤ ਸਿੰਘ ਦਾ ਸਨਮਾਨ ਕੀਤਾ ਗਿਆ| ਇਸ ਮੌਕੇ ਗੱਲਬਾਤ ਦੌਰਾਨ ਪਾਰਟੀ ਦੇ ਸ਼ਹਿਰੀ ਬਲਾਕ ਪ੍ਰਧਾਨ ਏ.ਪੀ.ਸਿੰਘ ਬਾਬਾ ਅਤੇ ਕੁਲਵੰਤ ਸਿੰਘ ਗਹਿਲਾਂ ਨੇ ਕਿਹਾ ਕਿ ਭਾਈ ਚੰਗਾਲ ਪਿਛਲੇ ਲੰਮੇਂ ਸਮੇਂ ਤੋਂ ਪਾਰਟੀ ਲਈ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਮਿਹਨਤ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਲਗਨ ਕਾਰਨ ਅੱਜ ਉਨ੍ਹਾਂ ਨੂੰ ਇਹ ਵੱਡੇ ਰੁਤਬੇ ਨਾਲ ਨਿਵਾਜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਭਾਈ ਚੰਗਾਲ ਦੀ ਇਸ ਨਿਯੁਕਤੀ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ| ਇਸ ਦੌਰਾਨ ਭਾਈ ਚੰਗਾਲ ਨੇ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ| ਇਸ ਮੌਕੇ ਅਮਰ ਸਿੰਘ ਚਾਹਲ, ਮੁਕੇਸ਼ ਕੁਮਾਰ, ਸੁੰਦਰ ਦਾਸ, ਸਰਬਜੀਤ ਕੌਰ, ਭਗਵਾਨ ਸਿੰਘ, ਸੁਖਪਾਲ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ, ਰਜਿੰਦਰ ਸਿੰਘ, ਵਰਿਆਮ ਸਿੰਘ, ਸੁਖਚੈਨ ਸਿੰਘ, ਜਗਸੀਰ ਪੁਰੀ ਅਤੇ ਗੁਰਦੀਪ ਸਿੰਘ ਫੱਗੂਵਾਲਾ ਆਦਿ ਹਾਜ਼ਰ ਸਨ|