ਭਵਾਨੀਗੜ੍ਹ: ਗੁਰੂ ਨਾਨਕ ਕਾਨਵੈਂਟ ਸਕੂਲ ਭਵਾਨੀਗੜ੍ਹ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੀਆਂ ਮਾਵਾਂ ਵੱਲੋਂ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਸਕੂਲ ਪ੍ਰਬੰਧਕਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉੁਨ੍ਹਾਂ ਸਮਾਗਮ ਵਿੱਚ ਸ਼ਾਮਲ ਮਾਪਿਆਂ ਨੂੰ ਆਪਣੇ ਬੱਚਿਆਂ ਉਤੇ ਦੂਜੇ ਬੱਚਿਆਂ ਨਾਲ ਮੁਕਾਬਲਾ ਕਰਨ ਦਾ ਦਬਾਅ ਪਾਉਣ ਦੀ ਥਾਂ ਲਗਨ ਨਾਲ ਪੜ੍ਹਨ ਲਈ ਪ੍ਰੇਰਤ ਕਰਨ ਦੀ ਅਪੀਲ ਕੀਤੀ। ਉੁਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਆਸਾਂ ਨਾਲ ‘ਆਪ’ ਸਰਕਾਰ ਸਥਾਪਤ ਕੀਤੀ ਹੈ ਅਤੇ ਹੁਣ ਭਗਵੰਤ ਮਾਨ ਸਰਕਾਰ ਚੋਣਾਂ ਦੌਰਾਨ ਕੀਤੇ ਹਰ ਵਾਅਦੇ ਨੂੰ ਪੂਰਾ ਕਰਕੇ ਆਪਣਾ ਫਰਜ਼ ਨਿਭਾਏਗੀ। ਇਸ ਮੌਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹੈ। ਸਮਾਗਮ ਵਿੱਚ ਮਨਪ੍ਰੀਤ ਕੌਰ ਤੂਰ ਦੇ ਪਤੀ ਤਰਲੋਕ ਸਿੰਘ ਤੂਰ ਵੀ ਵਿਸੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। -ਪੱਤਰ ਪ੍ਰੇਰਕ