ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 5 ਸਤੰਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦਲਿਤਾਂ ਵੱਲੋਂ ਨੇੜਲੇ ਪਿੰਡ ਘਰਾਚੋਂ ਵਿੱਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਉਨ੍ਹਾਂ ਨੂੰ ਪਿੰਡ ਵਿੱਚ ਨਾ ਵੜਨ ਦੇਣ ਦਾ ਐਲਾਨ ਕੀਤਾ ਗਿਆ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਇਕਾਈ ਪ੍ਰਧਾਨ ਗੁਰਚਰਨ ਸਿੰਘ ਘਰਾਚੋਂ ਤੇ ਮੱਘਰ ਸਿੰਘ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਿਹਾ ਮੋਰਚਾ ਵਿਜੈਇੰਦਰ ਸਿੰਗਲਾ ਦੀ ਸਿਆਸੀ ਸ਼ਹਿ ਕਾਰਨ ਫਸਿਆ ਹੋਇਆ ਹੈ। ਇੱਥੇ ਦਲਿਤਾਂ ਨੂੰ ਸਾਂਝੇ ਰੂਪ ਵਿੱਚ ਖੇਤੀ ਕਰਨ ਵਾਲੇ ਡੇਢ ਸੌ ਪਰਿਵਾਰਾਂ ਨੂੰ ਪਿੰਡ ਦੇ ਧਨਾਢ ਚੌਧਰੀਆਂ ਅਤੇ ਸਿਵਲ ਪ੍ਰਸ਼ਾਸਨ ਨਾਲ ਮਿਲੀਭੁਗਤ ਕਰਕੇ ਜ਼ਮੀਨੀ ਹੱਕ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਵਾਰ ਵਾਰ ਪ੍ਰਸ਼ਾਸਨ ਵੱਲੋਂ ਮੰਤਰੀ ਨਾਲ ਮੀਟਿੰਗ ਰਖਵਾਉਣ ਦੇ ਬਾਵਜੂਦ ਕੈਬਨਿਟ ਮੰਤਰੀ ਸਿੰਗਲਾ ਵੱਲੋਂ ਦਲਿਤਾਂ ਨਾਲ ਮੀਟਿੰਗ ਕਰਨਾ ਜਾਇਜ਼ ਨਹੀਂ ਸਮਝਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਕੈਬਨਿਟ ਮੰਤਰੀ ਸਿੰਗਲਾ ਵੱਲੋਂ ਪਿੰਡ ਘਰਾਚੋਂ ਵਿੱਚ ਸਮਾਗਮ ਉੱਪਰ ਆਉਣਾ ਸੀ, ਜਿਸ ਦੇ ਵਿਰੋਧ ਕਰਨ ਲਈ ਸਵੇਰ ਤੋਂ ਹੀ ਦਲਿਤ ਅਨਾਜ ਮੰਡੀ ਵਿੱਚ ਇਕੱਠੇ ਹੋਣਾ ਸ਼ੁਰੂ ਹੋ ਗਏ ਪਰ ਕੈਬਨਿਟ ਮੰਤਰੀ ਸਿੰਗਲਾ ਦਲਿਤਾਂ ਦੇ ਵਿਰੋਧ ਕਾਰਨ ਪਿੰਡ ਘਰਾਚੋਂ ਵਿੱਚ ਨਹੀਂ ਆਏ। ਸਗੋਂ ਆਪਣੇ ਬੇਟੇ ਨੂੰ ਸਮਾਗਮ ਵਿੱਚ ਭੇਜ ਦਿੱਤਾ।
ਮਜ਼ਦੂਰ ਆਗੂਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਦਲਿਤਾਂ ਵੱਲੋਂ ਦਾਣਾ ਮੰਡੀ ਵਿੱਚ ਰੈਲੀ ਕਰਕੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਭਵਿੱਖ ਵਿੱਚ ਕੈਬਨਿਟ ਮੰਤਰੀ ਸਿੰਗਲਾ ਦਾ ਪਿੰਡ ਵਿੱਚ ਆਉਣ ਤੇ ਵਿਰੋਧ ਕਰਨ ਦਾ ਫੈਸਲਾ ਕੀਤਾ।
ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਪਿੰਡ ਇਕਾਈ ਦੇ ਆਗੂਆਂ ਨੂੰ ਜਬਰਦਸਤੀ ਪੁਲੀਸ ਨੋਟਿਸ ਕੱਢ ਕੇ ਥਾਣੇ ਬੁਲਾਉਣ ਦੀ ਧੱਕੇਸ਼ਾਹੀ ਖਿਲਾਫ 6 ਸਤੰਬਰ ਨੂੰ ਥਾਣਾ ਭਵਾਨੀਗੜ੍ਹ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪਰਮਜੀਤ ਕੌਰ, ਪ੍ਰਦੀਪ ਸਿੰਘ, ਗੁਰਨਾਮ ਸਿੰਘ ਵੱਡੀ ਗਿਣਤੀ ਵਿੱਚ ਦਲਿਤ ਔਰਤਾਂ ਅਤੇ ਮਜਦੂਰ ਹਾਜ਼ਰ ਸਨ।