ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 20 ਅਕਤੂਬਰ
ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਅੰਮ੍ਰਿਤਸਰ ਵਿੱਚ ਕਰਵਾਏ ਗਏ ਗਤਕੇ ਦੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਦੇ ਖਿਡਾਰੀਆਂ ਨੇ 10 ਸੋਨ ਤਗ਼ਮੇ, ਦੋ ਚਾਂਦੀ ਦੇ ਅਤੇ 22 ਕਾਂਸੀ ਦੇ ਤਗ਼ਮਿਆਂ ਸਣੇ ਕੁੱਲ 34 ਤਗ਼ਮੇ ਜਿੱਤ ਕੇ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਦਾ ਨਾਂ ਰੌਸ਼ਨ ਕੀਤਾ। ਗਤਕਾ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਦੇ ਪ੍ਰਧਾਨ ਪ੍ਰੋਫੈਸਰ ਪਰਮਜੀਤ ਸਿੰਘ ਢਿੱਲੋਂ ਅਤੇ ਕੋ-ਕਨਵੀਨਰ ਨਪਿੰਦਰ ਸਿੰਘ ਨਿਮਾਣਾ ਨੇ ਦੱਸਿਆ ਕਿ ਲੜਕੀਆਂ ਦੇ 14 ਸਾਲ ਉਮਰ ਵਰਗ ਦੀ ਟੀਮ ਵਿੱਚ ਕਮਲਪ੍ਰੀਤ ਕੌਰ, ਲਵਪ੍ਰੀਤ ਕੌਰ, ਜਸਪ੍ਰੀਤ ਕੌਰ, ਨਵਜੋਤ ਕੌਰ, ਹੁਸਨਪ੍ਰੀਤ ਕੌਰ, ਗਗਨਪ੍ਰੀਤ ਕੌਰ, ਸਹਬਿਪ੍ਰੀਤ ਕੌਰ ਅਤੇ ਰਮਨਪ੍ਰੀਤ ਕੌਰ ਨੇ ਸੋਨ ਤਗ਼ਮੇ ਜਿੱਤੇ। ਵਿਅਕਤੀਗਤ ਸ਼ਸਤਰ ਪ੍ਰਦਰਸ਼ਨੀ ਵਿੱਚ ਸਾਹਿਬਪ੍ਰੀਤ ਕੌਰ ਨੇ ਸੋਨ ਤਗ਼ਮੇ ਹਾਸਲ ਕੀਤੇ। ਲੜਕਿਆਂ ਦੇ 14 ਸਾਲ ਉਮਰ ਵਰਗ ਵਿੱਚ ਏਕਮਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ, ਮਨਰਾਜ ਸਿੰਘ, ਗੁਰਸ਼ਾਨਦੀਪ ਸਿੰਘ, ਜਤਿਨਵੀਰ ਸਿੰਘ, ਜਸਕਰਨ ਸਿੰਘ, ਜਗਜੋਤ ਸਿੰਘ, ਗੁਰਵਿੰਦਰ ਸਿੰਘ ਅਤੇ ਨਮਨਪ੍ਰੀਤ ਸਿੰਘ ਦੀ ਟੀਮ ਨੇ ਚਾਂਦੀ ਦੇ ਤਗ਼ਮੇ ਹਾਸਲ ਕੀਤੇ। ਲੜਕਿਆਂ ਦੇ 14 ਸਾਲ ਉਮਰ ਵਰਗ ਦੇ ਸਿੰਗਲ ਸੋਟੀ ਮੁਕਾਬਲੇ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਦੇ ਗੁਰਮਨ ਸਿੰਘ, ਹਿਮਾਂਸ਼ੂ, ਗੁਰਵੰਤ ਸਿੰਘ ਅਤੇ ਨਮਨਪ੍ਰੀਤ ਸਿੰਘ ਦੀ ਟੀਮ ਨੇ ਚਾਂਦੀ ਦੇ ਤਗ਼ਮੇ ਜਿੱਤ ਕੇ ਸਟੇਟ ਵਿੱਚੋਂ ਤੀਜੀ ਪੁਜ਼ੀਸ਼ਨ ਹਾਸਲ ਕੀਤੀ। ਫ੍ਰੀ ਸੋਟੀ ਵਿਅਕਤੀਗਤ ਮੁਕਾਬਲੇ ਵਿੱਚ ਗੁਰਵਿੰਦਰ ਸਿੰਘ ਲਗਾਤਾਰ ਚਾਰ ਗੇੜ ਜਿੱਤ ਕੇ ਫਾਈਨਲ ਮੁਕਾਬਲੇ ਵਿੱਚ ਦੂਜੇ ਸਥਾਨ ’ਤੇ ਰਿਹਾ। ਲੜਕੀਆਂ ਦੇ 17 ਸਾਲ ਉਮਰ ਵਰਗ ਦੀ ਵਿਅਕਤੀਗਤ ਵਿੱਚ ਖੁਸ਼ਵੀਰ ਕੌਰ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਫ੍ਰੀ ਸੋਟੀ ਵਿਅਕਤੀਗਤ ਮਕਾਬਲੇ ’ਚ ਗੁਰਵਿੰਦਰ ਕੌਰ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਲੜਕਿਆਂ ਦੇ 17 ਸਾਲ ਵਰਗ ਦੇ ਫ੍ਰੀ ਸੋਟੀ ਵਿਅਕਤੀਗਤ ਮੁਕਾਬਲੇ ਵਿੱਚ ਸੁਮਨਪ੍ਰੀਤ ਸਿੰਘ ਨੇ ਕਾਂਸੀ ਦਾ ਤਗ਼ਮਾ ਜਿਤਿਆ। ਲੜਕਿਆਂ ਦੇ 21 ਸਾਲ ਵਰਗ ਵਿੱਚ ਗੁਲਾਬਪ੍ਰੀਤ ਸਿੰਘ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਫ੍ਰੀ ਸੋਟੀ ਲੜਕਿਆਂ ਵਿੱਚ ਗੁਲਾਬਪ੍ਰੀਤ ਸਿੰਘ, ਆਕਾਸ਼ਦੀਪ, ਅਰਸ਼ਦੀਪ ਸਿੰਘ, ਰਵਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੀ ਟੀਮ ਨੇ ਕਾਂਸੀ ਦੇ ਤਗ਼ਮੇ ਜਿੱਤੇ।