ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਫਰਵਰੀ
ਸੰਗਰੂਰ-ਬਰਨਾਲਾ ਮੁੱਖ ਸੜਕ ’ਤੇ ਪੁਲੀਸ ਲਾਈਨ ਤੋਂ ਅੱਗੇ ਕਰੀਬ ਇੱਕ-ਡੇਢ ਕਿਲੋਮੀਟਰ ਤੱਕ ਸੜਕ ਤੋਂ ਉੱਚੇ ਸੀਵਰੇਜ ਦੇ ਢੱਕਣ ਰਾਹਗੀਰਾਂ ਦੀ ਜਾਨ ਲਈ ਖੌਫ਼ ਬਣੇ ਹੋਏ ਹਨ ਅਤੇ ਨਿੱਤ ਦਿਨ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਪਰ ਜ਼ਿਲ੍ਹਾ ਪ੍ਰਸ਼ਾਸ਼ਨ, ਨਗਰ ਕੌਂਸਲ ਅਤੇ ਲੋਕ ਨਿਰਮਾਣ ਵਿਭਾਗ ਵਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਅਤੇ ਸੜਕ ਤੋਂ ਲੰਘਣ ਵਾਲਾ ਹਰ ਵਾਹਨ ਚਾਲਕ ਸਰਕਾਰ ਨੂੰ ਕੋਸ ਰਿਹਾ ਹੈ। ਸਥਾਨਕ ਬਰਨਾਲਾ ਰੋਡ ’ਤੇ ਸਥਿਤ ਰੇਲਵੇ ਓਵਰਬ੍ਰਿਜ ਤੋਂ ਲੈ ਕੇ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ਦੇ ਬਡਰੁੱਖਾਂ ਨੇੜਲੇ ਓਵਰਬਿਜ੍ਰ ਤੱਕ ਸੜਕ ਨੂੰ ਚੌੜਾ ਕਰਕੇ ਵਿਚਕਾਰ ਡਿਵਾਈਡਰ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਬਰਨਾਲਾ ਰੋਡ ’ਤੇ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਨੂੰ ਪਾਈਪਾਂ ਪਾ ਕੇ ਸੀਵਰੇਜ ਨਾਲ ਜੋੜਿਆ ਗਿਆ ਹੈ। ਸੰਗਰੂਰ ਤੋਂ ਬਰਨਾਲਾ ਸਾਈਡ ਜਾਂਦਿਆਂ ਪੁਲੀਸ ਲਾਈਨ ਨੇੜੇ ਬੱਗੂਆਣਾ ਬਸਤੀ ਦੇ ਮੁੱਖ ਗੇਟ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਤੱਕ ਕਰੀਬ ਇੱਕ-ਡੇਢ ਕਿਲੋਮੀਟਰ ਤੱਕ ਮੁੱਖ ਸੜਕ ’ਤੇ ਸੀਵਰੇਜ ਦੇ ਢੱਕਣ ਸੜਕ ਦੇ ਪੱਧਰ ਤੋਂ ਉੱਚੇ ਹਨ ਅਤੇ ਸੜਕ ਉੱਪਰ ਸਪੱਸ਼ਟ ਦਿਖਾਈ ਦੇ ਰਹੇ ਹਨ। ਮੁੱਖ ਸੜਕ ਉਪਰ ਕਰੀਬ ਅੱਠ ਤੋਂ ਦਸ ਢੱਕਣ ਹੋਣਗੇ ਜੋ ਰਾਹਗੀਰਾਂ ਲਈ ਰੁਕਾਵਟ ਬਣਦੇ ਹਨ। ਸੀਵਰੇਜ ਦੇ ਇਹ ਢੱਕਣ ਸੜਕ ਤੋਂ ਉਚੇ ਹੋਣ ਕਾਰਨ ਵਾਹਨ ਚਾਲਕਾਂ ਖਾਸ ਕਰਕੇ ਦੋਪਹੀਆ ਵਾਹਨ ’ਤੇ ਲੰਘਣ ਵਾਲਿਆਂ ਨੂੰ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ। ਰਾਹਗੀਰਾਂ ਦੀ ਜਾਨ ਲਈ ਇਹ ਢੱਕਣ ਖੌਫ਼ ਬਣੇ ਹੋਏ ਹਨ ਅਤੇ ਨਿੱਤ ਦਿਨ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਕਰੀਬ ਇੱਕ ਹਫ਼ਤਾ ਪਹਿਲਾਂ ਹੀ ਸੀਵਰਜ ਦੇ ਉੱਚੇ ਢੱਕਣ ਤੋਂ ਇੱਕਦਮ ਉਛਲਦਿਆਂ ਇੱਕ ਸਕੂਟੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਹਾਦਸੇ ’ਚ ਪਿੰਡ ਬਡਰੁੱਖਾਂ ਦੀ ਇੱਕ ਵਿਆਹੁਤਾ ਲੜਕੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਸੰਤ ਅਤਰ ਸਿੰਘ ਨਗਰ ਦੇ ਵਸਨੀਕ ਸੁਖਜੀਤ ਸਿੰਘ ਰਮਲਾ, ਬਡਰੁੱਖਾਂ ਦੇ ਵਸਨੀਕ ਬਲਵੰਤ ਸਿੰਘ ਅਤੇ ਹੋਰ ਮੋਹਤਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਹਗੀਰਾਂ ਲਈ ਖੌਫ਼ ਬਣੀ ਇਸ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ।
ਨਗਰ ਕੌਂਸਲ ਦਾ ਵਾਲੀ-ਵਾਰਸ ਨਾ ਹੋਣ ਕਾਰਨ ਵਿਕਾਸ ਕੰਮ ਠੱਪ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖਸਤਾ ਹੋ ਗਈ ਹੈ। ਸਾਬਕਾ ਕੌਂਸਲਰ ਦਵਿੰਦਰ ਨੀਟੂ ਨੇ ਦੱਸਿਆ ਕਿ ਇੱਥੋਂ ਦੀ ਨਗਰ ਕੌਂਸਲ ਦਾ ਇੱਕ ਸਾਲ ਤੋਂ ਕੋਈ ਵਾਲੀ-ਵਾਰਸ ਨਹੀਂ ਹੈ। ਇਸ ਕਾਰਨ ਬਾਰਸ਼ਾਂ ਕਰਕੇ ਟੁੱਟੀਆਂ ਸੜਕਾਂ ਦੀ ਕੋਈ ਮੁਰੰਮਤ ਨਹੀਂਂ ਹੋਈ। ਓਵਰਬਰਿੱਜ ਤੋਂ ਟਰੱਕ ਯੂਨੀਅਨ ਕੋਲੋਂ ਮੁੱਖ ਮੰਦਰ ਚੌਕ ਸੜਕ ’ਤੇ ਥਾਂ-ਥਾਂ ਟੋਏ ਪੈ ਚੁੱਕੇ ਹਨ ਜਦਕਿ ਇਸ ਸੜਕ ’ਤੇ ਸਰਕਾਰੀ ਸਮਾਰਟ ਸੈਕੰਡਰੀ ਸਕੂਲ , ਰੈਸਟ ਹਾਉਸ, ਪੀਡਬਲਯੂਡੀ ਦਫਤਰ ਤੇ ਐੱਸਡੀਐੱਮ ਦੀ ਰਿਹਾਇਸ਼ ਤੱਕ ਸੜਕ ਵੀ ਮੁਰੰਮਤ ਮੰਗਦੀ ਹੈ ਪਰ ਨਗਰ ਕੌਂਸਲ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਸ਼ਹਿਰ ਨਿਵਾਸੀਆਂ ਦੀ ਮੰਗ ਹੈ ਕਿ ਨਗਰ ਕੌਂਸਲ ਦਾ ਪ੍ਰਧਾਨ ਬਣਾ ਕੇ ਕੰਮ ਚਾਲੂ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਇਧਰ ਉਧਰ ਨਾ ਭੜਕਣਾ ਪਵੇ।