ਬੀਰਬਲ ਰਿਸ਼ੀ
ਸ਼ੇਰਪੁਰ, 20 ਜਨਵਰੀ
ਪੰਜਾਬ ਦੀ ਕਾਂਗਰਸ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਪਿੰਡ ਹੇੜੀਕੇ ਦੀ 25 ਏਕੜ ਤੋਂ ਵੱਧ ਜ਼ਮੀਨ ਬੰਜਰ ਪਈ ਹੈ ਜਿਸ ’ਤੇ ਨਾ ਤਾਂ ਕੋਈ ਪ੍ਰਾਜੈਕਟ ਲੱਗਿਆ ਅਤੇ ਨਾ ਹੀ ਇਹ ਖਾਲੀ ਪਈ ਜ਼ਮੀਨ ਮੁੜ ਪੰਚਾਇਤ ਨੂੰ ਮਿਲ ਸਕੀ।
ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਹੇੜੀਕੇ ਨੂੰ ਗਊਸ਼ਾਲਾ ਈਨਾਬਾਜਵਾ ਨਾਲ ਜੋੜਦੀ ਸੜਕ ’ਤੇ ਸਥਿਤ ਖਰੀਦ ਕੇਂਦਰ ਨਾਲ ਕਈ ਦਹਾਕੇ ਪਹਿਲਾਂ ਤਕਰੀਬਨ 24 ਏਕੜ ਜ਼ਮੀਨ ਫੋਕਲ ਪੁਆਇੰਟ ਲਈ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ। ਇਸ ਜ਼ਮੀਨ ’ਤੇ ਬਕਾਇਦਾ ਹਸਪਤਾਲ, ਕੋਆਪਰੇਟਿਵ ਸੁਸਾਇਟੀ ਤੇ ਪਸ਼ੂ ਹਸਪਤਾਲ ਦੀ ਇਮਾਰਤ ਤੋਂ ਇਲਾਵਾ ਕਈ ਦੁਕਾਨਾਂ ਬਣਾਈਆਂ ਗਈਆਂ ਜਿਨ੍ਹਾਂ ਵਿੱਚੋਂ ਤਕਰੀਬਨ 6 ਏਕੜ ਜ਼ਮੀਨ ’ਚ ਬਣਿਆ ਖਰੀਦ ਕੇਂਦਰ ਹੀ ਹਾੜੀ ਤੇ ਸਾਉਣੀ ਉਨ੍ਹਾਂ ਦੇ ਕੰਮ ਆਉਂਦਾ ਹੈ। ਇੱਥੇ ਕੋਈ ਹਸਪਤਾਲ ਨਹੀਂ ਚੱਲਿਆ ਸਗੋਂ ਲੱਖਾਂ ਦੀ ਲਾਗਤ ਨਾਲ ਤਿਆਰ ਇਮਾਰਤ ਖੰਡਰ ਬਣ ਗਈ ਹੈ, ਪਸ਼ੂ ਹਸਪਤਾਲ ਤੇ ਸੁਸਾਇਟੀ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਕਾਰਨ ਪਿੰਡ ਲਿਆਂਦਾ ਜਾ ਚੁੱਕਿਆ ਹੈ ਜਦੋਂ ਕਿ ਖਰੀਦ ਕੇਂਦਰ ’ਚ ਸੜਕ ਦੇ ਨਜ਼ਦੀਕ ਬਣੀਆਂ ਦੁਕਾਨਾਂ ਨਸ਼ੱਈਆਂ ਦਾ ਅੱਡਾ ਬਣ ਚੁੱਕੀਆਂ ਹਨ।
ਸਾਬਕਾ ਸਰਪੰਚ ਜਸਵੀਰ ਸਿੰਘ ਨੇ ਦੱਸਿਆ ਕਿ ਸੰਨ 2009-10 ਵਿੱਚ ਪਿੰਡ ਵਿੱਚ ਆਈਟੀਆਈ ਬਣਾਏ ਜਾਣ ਲਈ ਪੰਚਾਇਤ ਨੇ 5 ਏਕੜ ਥਾਂ ਹੋਰ ਉਕਤ ਕਾਰਜ ਲਈ ਤਕਨੀਕੀ ਸਿੱਖਿਆ ਵਿਭਾਗ ਦੇ ਹਵਾਲੇ ਕਰ ਦਿੱਤੀ ਪਰ ਸਰਕਾਰਾਂ ਨੇ 12 ਸਾਲ ਬਾਅਦ ਰੂੜੀ ਦੀ ਸੁਣੇ ਜਾਣ ਵਾਲੀ ਕਹਾਵਤ ਝੂਠੀ ਪਾ ਦਿੱਤੀ ਹੈ।
ਪਿੰਡ ਦੇ ਕਾਂਗਰਸੀ ਆਗੂ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਪਹਿਲਾ ਅਜਿਹਾ ਪਿੰਡ ਹੈ ਜਿੱਥੇ ਲੋੜ ਤੋਂ ਵੱਧ ਨਵੀਂ ਇਮਾਰਤ ਤਿਆਰ ਹੈ ਪਰ ਪਤਾ ਨਹੀਂ ਕਿਹੜੇ ਕਾਰਨਾ ਕਾਰਕੇ ਇਸ ਪਿੰਡ ਦੇ ਸਕੂਲ ਦਾ ਦਰਜਾ ਵਧਾਏ ਜਾਣ ਵਿੱਚ ਸਰਕਾਰ ਨੇ ਵਿਤਕਰਾ ਕੀਤਾ ਜਿਸ ਕਰਕੇ ਕਾਂਗਰਸੀ ਆਗੂਆਂ ਨੂੰ ਲੋਕਾਂ ਦੀਆਂ ਖਰੀਆ ਖੋਟੀਆਂ ਵੀ ਸੁਣਨੀਆਂ ਪੈ ਰਹੀਆਂ ਹਨ। ਪਿੰਡ ਦੀ ਸਰਪੰਚ ਪਾਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਆਈਟੀਆਈ ਬਣਾਏ ਜਾਣ ਦੀ ਕੋਸ਼ਿਸ਼ ਵੀ ਕੀਤੀ ਅਤੇ ਫੋਕਲ ਪੁਆਇੰਟ ਵਾਲੀ ਜਗ੍ਹਾ ਪੰਚਾਇਤ ਕੋਲ ਵਾਪਸ ਲੈ ਕੇ ਪੰਚਾਇਤੀ ਆਮਦਨ ਵਧਾਉਣ ਲਈ ਵੀ ਉਪਰਾਲਾ ਕੀਤਾ ਪਰ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ।