ਪੱਤਰ ਪ੍ਰੇਰਕ
ਅਮਰਗੜ੍ਹ, 2 ਅਗਸਤ
ਇੱਥੋਂ ਦੇ ਬ੍ਰੇਨ ਟ੍ਰੀ ਵਰਲਡ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਆਂ ਉਤਸ਼ਾਹ ਨਾਲ ਮਨਾਈਆਂ ਗਈਆਂ। ਤੀਆਂ ਸਬੰਧੀ ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਗਿੱਧਾ ਤੇ ਭੰਗੜਾ ਪਾ ਕੇ ਕੀਤੀ। ਇਸ ਉਪੰਰਤ ਵਿਦਿਆਰਥੀਆਂ ਨੇ ਸੰਮੀ, ਤੀਆਂ ਤੀਜ ਦੀਆਂ ਸਬੰਧੀ ਬੋਲੀਆਂ ਤੇ ਟੱਪੇ ਗਾ ਕੇ ਚੰਗਾ ਰੰਗ ਬੰਨ੍ਹਿਆ। ਇਸ ਦੌਰਾਨ ਵਿਦਿਆਰਥੀਆਂ ਦੀਆਂ ਮਾਵਾਂ ਲਈ ਵਿਸ਼ੇਸ਼ ਸਮੂਹ ਗਿੱਧਾ ਤਿੰਝਣਾਂ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਗਿੱਧਾ ਪਾ ਕੇ ਦਰਸ਼ਕ ਕੀਲ ਕੇ ਰੱਖ ਦਿੱਤੇ। ਇਸ ਮੌਕੇ ਚੇਅਰਮੈਨ ਸ਼ੈਲੀ ਗੋਇਲ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਹਰ ਤਰ੍ਹਾਂ ਦੇ ਗੁਣ ਪੈਦਾ ਕਰਨੇ ਚਾਹੀਦੇ ਹਨ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੰਨਵੀਂ ਵਿੱਚ ਪ੍ਰਿੰਸੀਪਲ ਦੀਪ ਮਾਲਾ ਦੀ ਦੇਖ ਰੇਖ ਹੇਠ ਤੀਆਂ ਮਨਾਈਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਇਹ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥਣਾਂ ਨੇ ਗਿੱਧਾ, ਨਾਚ ਗਾਣੇ ਤੇ ਬੋਲੀਆਂ ਪਾ ਕੇ ਰੰਗ ਬੰਨ੍ਹਿਆ। ਪੀਘਾਂ ਝੂਟੀਆਂ ਤੇ ਕਿਕਲੀ ਵੀ ਪਾਈ। ਸਰਕਾਰੀ ਹਾਈ ਸਕੂਲ ਰਾਮਪੁਰ ਛੰਨਾਂ ਵਿੱਚ ਤੀਆਂ ਮੁੱਖ ਅਧਿਆਪਕ ਗੁਰਜੰਟ ਸਿੰਘ ਦੀ ਦੇਖ ਰੇਖ ਹੇਠ ਮਨਾਈਆਂ ਗਈਆਂ।
ਪਟਿਆਲਾ (ਪੱਤਰ ਪ੍ਰੇਰਕ): ਰਾਈਜ਼ਿੰਗ ਸਟਾਰ ਸੰਸਥਾ ਵੱਲੋਂ ਟੀਨਾ ਵਾਸਨ ਦੀ ਨਿਰਦੇਸ਼ਨਾ ‘ਚ ਅਰਬਨ ਅਸਟੇਟ ਫੇਜ਼-2 ਦੇ ਹਾਟ ਮੀਲਜ਼ ਹੋਟਲ ਵਿੱਚ ਤੀਆਂ ਉਤਸ਼ਾਹ ਨਾਲ ਮਨਾਈਆਂ ਗਈਆਂ। ਇਸ ਦੌਰਾਨ ਫ਼ਿਲਮੀ ਅਦਾਕਾਰਾ ਸੁਨੀਤਾ ਧੀਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਗਿੱਧਾ, ਸੋਲੋ ਡਾਂਸ ਅਤੇ ਹੋਰ ਈਵੈਂਟਸ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਨਾਲ ਸਬੰਧਿਤ ਵੱਖ-ਵੱਖ ਖ਼ਿਤਾਬ ਰੱਖੇ ਗਏ ਸਨ। ਰੁਪਿੰਦਰ ਕੌਰ ਖਰੌੜ ਨੇ ਮਿਸਜ਼ ਤੀਜ ਦਾ ਖ਼ਿਤਾਬ ਜਿੱਤਿਆ।
ਇਸ ਮੁਕਾਬਲੇ ‘ਚ ਰਿਸ਼ੂ ਤੇ ਗੁਰਬੱਲ ਕੌਰ ਰਨਰ ਅੱਪ ਰਹੀਆਂ। ਅਮਨ ਕੌਰ ਨੇ ਸ਼ਾਹੀ ਮੁਟਿਆਰ, ਗੁਰਜੀਤ ਕੌਰ ਨੇ ਸੋਹਣੀ ਪੁਸ਼ਾਕ, ਗੁਰਪ੍ਰੀਤ ਕੌਰ ਨੇ ਦਿਲਾਂ ਦੀ ਧੜਕਣ, ਕਿਰਨ ਨੇ ਗਿੱਧਿਆਂ ਦੀ ਰਾਣੀ ਤੇ ਅਮਨ ਨੇ ਸੁਨੱਖੀ ਮੁਟਿਆਰ ਦਾ ਖ਼ਿਤਾਬ ਜਿੱਤਿਆ।