ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਦਸੰਬਰ
ਸਿਹਤ ਵਿਭਾਗ ਦੇ ਮਲਟੀਪਰਪਜ਼ ਕੇਡਰ ਨਾਲ ਸਬੰਧਤ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੇ ਸੋਧੇ ਹੋਏ ਪੇਂਡੂ ਅਤੇ ਸਫ਼ਰੀ ਭੱਤਿਆਂ ਨੂੰ ਲਾਗੂ ਕਰਨ ਦੀ ਬਜਾਏ ਵਾਪਸ ਲੈਣ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਸਿਹਤ ਮੁਲਾਜ਼ਮਾਂ ਵਲੋਂ ਸਰਕਾਰ ਦੇ ਸੋਧੇ ਭੱਤੇ ਵਾਪਸ ਲੈਣ ਦੇ ਜਾਰੀ ਹੋਏ ਪੱਤਰ ਦੀਆਂ ਕਾਪੀਆਂ ਸਾੜਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਚੁੱਪ ਚੁਪੀਤੇ ਇਸ ਮੁਲਾਜ਼ਮ ਵਿਰੋਧੀ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਨਾਅਰੇਬਾਜ਼ੀ ਕੀਤੀ।
ਸਥਾਨਕ ਸਿਵਲ ਹਸਪਤਾਲ ਵਿਚ ਪੱਤਰ ਸਾੜ ਕੇ ਕੀਤੇ ਰੋਸ ਪ੍ਰਦਰਸ਼ਨ ਮੌਕੇ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ-ਫੀਮੇਲ ਯੂਨੀਅਨ ਦੇ ਜ਼ਿਲ੍ਹਾ ਆਗੂ ਰਵਿੰਦਰ ਸ਼ਰਮਾ, ਦਵਿੰਦਰ ਕੌਰ ਅਤੇ ਸਪਿੰਦਰ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਪੰਜਾਬ ਦੇ ਸਿਹਤ ਵਿਭਾਗ ਵਿਚ ਕੰਮ ਕਰਦੇ ਮਲਟੀਪਰਪਜ਼ ਕੇਡਰ ਅਤੇ 16 ਹੋਰ ਵਿਭਾਗਾਂ ਨੂੰ ਫੀਲਡ ਟੂਰ ਲਈ ਫਿਕਸ ਟੂਰ ਭੱਤਾ ਐਫ਼.ਟੀ.ਏ ਅਤੇ ਦਿਹਾਤੀ ਖੇਤਰ ਵਿਚ ਕੰਮ ਕਰਦੇ ਸਮੁੱਚੇ ਮੁਲਾਜ਼ਮਾਂ ਨੂੰ ਪੇਂਡੂ ਭੱਤਾ ਸੋਧ ਕੇ ਦੇਣ ਦਾ ਪੱਤਰ 7 ਸਤੰਬਰ 2021 ਨੂੰ ਜਾਰੀ ਕੀਤਾ ਸੀ ਅਤੇ ਇਹ ਸੋਧੇ ਹੋਏ ਭੱਤੇ ਇੱਕ ਜੁਲਾਈ ਤੋਂ ਲਾਗੂ ਹੋਣੇ ਸਨ ਪਰੰਤੂ ਸੋਧੇ ਹੋਏ ਭੱਤੇ ਦੇਣ ਦੀ ਬਜਾਏ ਪੰਜਾਬ ਸਰਕਾਰ ਨੇ ਚੁੱਪ ਚੁਪੀਤੇ 7 ਸਤੰਬਰ 2021 ਨੂੰ ਜਾਰੀ ਪੱਤਰ ਹੀ ਵਾਪਸ ਲੈ ਲਏ ਹਨ ਜੋ ਕਿ ਮੁਲਾਜ਼ਮਾਂ ਨਾਲ ਧੋਖੇਬਾਜ਼ੀ ਅਤੇ ਵਾਅਦਾ ਖ਼ਿਲਾਫ਼ੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਨਵੀਆਂ ਤਨਖਾਹਾਂ ਬਣ ਰਹੀਆਂ ਸਨ ਤਾਂ ਉਦੋਂ ਹੀ ਸਰਕਾਰ ਦੀ ਨੀਅਤ ਵਿਗੜ ਗਈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਮੁਲਾਜ਼ਮ ਵਿਰੋਧੀ ਫੈਸਲੇ ਖ਼ਿਲਾਫ਼ ਸਮੁੱਚੇ ਪੰਜਾਬ ਵਿਚ ਅੱਜ ਕਾਪੀਆਂ ਸਾੜੀਆਂ ਗਈਆਂ ਅਤੇ ਸੋਧੇ ਹੋਏ ਭੱਤੇ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਗਈ। ਸੂਬਾਈ ਆਗੂਆਂ ਗੁਰਪ੍ਰੀਤ ਸਿੰਘ ਮੰਗਵਾਲ ਅਤੇ ਸ਼ੁਸ਼ਮਾ ਅਰੋੜਾ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜ਼ਮ ਵਿਰੋਧੀ ਪੱਤਰ ਵਾਪਸ ਨਾ ਲਿਆ ਗਿਆ ਤਾਂ ਅਗਲੇ ਦਿਨਾਂ ਵਿਚ ਸਮੁੱਚਾ ਕੰਮਕਾਜ ਠੱਪ ਕਰਕੇ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਸਮੁੱਚੇ ਪੰਜਾਬ ਵਿਚ ਫੀਲਡ ਟੂਰ ਪ੍ਰੋਗਰਾਮਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਮੁਲਾਜ਼ਮ ਆਗੂ ਯਾਦਵਿੰਦਰ ਸਿੰਘ, ਇੰਦਰਜੀਤ ਸਿੰਘ, ਮਨਦੀਪ ਸਿੰਘ, ਮਨਜੀਤ ਸਿੰਘ, ਚਮਕੌਰ ਸਿੰਘ ਆਦਿ ਆਗੂ ਮੌਜੂਦ ਸਨ।
ਭੱਤਿਆਂ ਵਿੱਚ ਕਟੌਤੀ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੋਂ ਦੇ ਸਰਕਾਰੀ ਹਸਪਤਾਲ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕਈ ਭੱਤਿਆਂ ਵਿੱਚ ਕੀਤੀ ਕਟੌਤੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਸਰਕਾਰ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ। ਯੂਨੀਅਨ ਦੇ ਸੂਬਾਈ ਆਗੂ ਸੀਨੀਅਰ ਇੰਸਪੈਕਟਰ ਵਿਜੇ ਖੋਖਰ ਤੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਪਿਸ਼ੌਰ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਕੁਝ ਦੇਣ ਦੀ ਬਜਾਏ ਕੱਟ ਲਗਾ ਰਹੀ ਹੈ ਤਾਂ ਕਿ ਮੁਲਾਜ਼ਮ ਵਰਗ ਇਨ੍ਹਾਂ ਕੱਟਾਂ ਨੂੰ ਪੂਰਾ ਕਰਵਾਉਣ ਦੇ ਚੱਕਰ ਵਿੱਚ ਹੀ ਉਲਝ ਕੇ ਰਹਿ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੁਲਾਜ਼ਮਾਂ ਦੇ ਭੱਤੇ ਬਹਾਲ ਨਾ ਕੀਤੇ ਤਾਂ ਵਿਭਾਗ ਦੇ ਕੰਮ ਦਾ ਬਾਈਕਾਟ ਕਰਕੇ ਸੰਘਰਸ਼ ਸੜਕਾਂ ਤੱਕ ਪਹੁੰਚਾਇਆ ਜਾਵੇਗਾ।