ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 1 ਜਨਵਰੀ
ਸਿਹਤ ਵਿਭਾਗ ਪੰਜਾਬ ਨੇ ਕੋਵਿਡ-19 ਮਹਾਮਾਰੀ ਦੌਰਾਨ ਹੋਈ ਤਾਲਾਬੰਦੀ ਦੌਰਾਨ ਇਨਸਾਨੀਅਤ ਦੀ ਭਲਾਈ ਲਈ ਕੀਤੇ ਕਾਰਜਾਂ ਬਦਲੇ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਮਾਲੇਰ ਕੋਟਲਾ ਨੂੰ ਕੋਵਿਡ-19 ਯੋਧੇ ਦੇ ਖ਼ਿਤਾਬ ਨਾਲ ਨਿਵਾਜ਼ਿਆ ਹੈ। ਸਥਾਨਕ ਸਰਕਾਰੀ ਹਸਪਤਾਲ ‘ਚ ਹੋਏ ਇੱਕ ਸਾਦੇ ਸਮਾਗਮ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਮੁਹੰਮਦ ਅਖ਼ਤਰ ਨੇ ਇਹ ਖ਼ਿਤਾਬ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਮਾਲੇਰ ਕੋਟਲਾ ਦੇ ਪ੍ਰਧਾਨ ਜਨਾਬ ਅਜ਼ਹਰ ਮੁਨੀਮ ਨੂੰ ਸੌਂਪਿਆ। ਐੱਸਐੱਮਓ ਡਾ. ਮੁਹੰਮਦ ਅਖ਼ਤਰ ਅਤੇ ਬਲੱਡ ਬੈਂਕ ਦੀ ਇੰਚਾਰਜ ਡਾ. ਜੋਤੀ ਕਪੂਰ ਨੇ ਕੋਵਿਡ-19 ਦੌਰਾਨ ਸਹਾਰਾ ਮੁਸਲਿਮ ਵੈੱਲਫੇਅਰ ਸੁਸਾਇਟੀ ਵੱਲੋਂ ਖ਼ੂਨਦਾਨ ਕਰਨ, ਮਾਸਕ ਵੰਡਣ, ਅਤੇ ਲੋੜਵੰਦਾਂ ਨੂੰ ਪੱਕਿਆ ਖਾਣਾ ਦੇਣ ਆਦਿ ਜਿਹੇ ਕਾਰਜਾਂ ਦੀ ਸ਼ਲਾਘਾ ਕੀਤੀ। ਸਹਾਰਾ ਮੁਸਲਿਮ ਵੈੱਲਫੇਅਰ ਸੁਸਾਇਟੀ 15 ਸਾਲਾਂ ਤੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਮਾਜ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ ਅਤੇ ਕੋਵਿਡ-19 ਦੌਰਾਨ ਵੀ ਸੁਸਾਇਟੀ ਨੇ ਆਪਣੇ ਉਦੇਸ਼ ਮੁਤਾਬਕ ਲੋਕ ਭਲਾਈ ਕਾਰਜ ਕੀਤੇ।