ਲਹਿਰਾਗਾਗਾ: ਇੱਥੇ ਐੱਸਐੱਸ ਜੈਨ ਸਭਾ ਵੱਲੋਂ ਗੁਰੂ ਸੁਦਰਸ਼ਨ ਜਨਮ ਸ਼ਤਾਬਦੀ ਸਾਲ ਦੇ ਸਬੰਧ ਵਿਚ ਮੁਫ਼ਤ ਮੈਡੀਕਲ ਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿਚ ਮੇਘ ਰਾਜ ਜੈਨ ਅਤੇ ਹੀਰਾ ਲਾਲ ਜੈਨ ਸਿੰਧਾਨਾ ਵਾਲੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਭਾ ਦੇ ਪ੍ਰਧਾਨ ਪ੍ਰਿੰਸੀਪਲ ਹੰਸ ਰਾਜ ਤੇ ਸੈਕਟਰੀ ਪੁਨੀਤ ਜੈਨ ਨੇ ਦੱਸਿਆ ਕਿ ਕੈਂਪ ਵਿਚ ਡਾ. ਸੀਬੀ ਸਿੰਘ, ਅੱਖਾਂ ਦੇ ਮਾਹਿਰ ਡਾ. ਭਰਤ ਦੀ ਟੀਮ ਵਲੋਂ 225 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ 160 ਵਿਅਕਤੀਆਂ ਨੂੰ ਐਨਕਾਂ ਦਿੱਤੀਆਂ ਗਈਆਂ ਅਤੇ 30 ਤੋਂ ਵੱਧ ਵਿਅਕਤੀਆਂ ਦੀ ਆਪ੍ਰੇਸ਼ਨ ਲਈ ਚੋਣ ਕੀਤੀ ਗਈ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਅਲੀਸ਼ੇਰ ਵਿਚ ਮੁਫਤ ਮੈਡੀਕਲ ਅਤੇ ਦੰਦਾਂ ਦਾ ਕੈਂਪ ਲਗਾਇਆ ਗਿਆ, ਜਿਸ ਵਿਚ ਡਾ. ਮਹਿੰਦਰਪਾਲ ਅਤੇ ਸਮੂਚੀ ਟੀਮ ਨੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ। ਇਸ ਮੌਕੇ ਮੁੱਖ ਅਧਿਆਪਕ ਰਾਕੇਸ਼ ਕੁਮਾਰ ਨੇ ਸਮੁੱਚੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। -ਪੱਤਰ ਪ੍ਰੇਰਕ