ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਅਕਤੂਬਰ
ਯੂਪੀ ਦੇ ਹਾਥਰਸ ਵਿੱਚ ਲੜਕੀ ਨਾਲ ਸਮੂਹਿਕ ਬਲਾਤਕਾਰ ਤੇ ਕਤਲ ਖ਼ਿਲਾਫ਼ ਰੋਸ ਵਜੋਂ ਦਲਿਤ ਭਾਈਚਾਰੇ ਵੱਲੋਂ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਜਾਮ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਸੀਪੀਆਈ ਐੱਮਐੱਲ ਲਬਿਰੇਸ਼ਨ ਦੇ ਸੂਬਾ ਆਗੂ ਗੋਬਿੰਦ ਸਿੰਘ ਛਾਜਲੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਬਲਾਕ ਪ੍ਰਧਾਨ ਕੁਲਵਿੰਦਰ ਕੌਰ ਰੇਤਗੜ੍ਹ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਸੈਂਟਰਲ ਵਾਲਮੀਕ ਸਭਾ ਇੰਡੀਆਂ ਵੱਲੋਂ ਕੌਮੀ ਸੀਨੀਅਰ ਮੀਤ ਪ੍ਰਧਾਨ ਪੀਐੱਸ ਗਮੀ ਕਲਿਆਣ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦਾ ਪੁਤਲਾ ਗਿਆ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਦਲਿਤ ਭਾਈਚਾਰੇ ਨੇ ਹਾਥਰਸ ਘਟਨਾ ਵਿਰੋਧ ਵਿੱਚ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦਾ ਪੁਤਲਾ ਫ਼ੂਕਿਆ। ਨਗਰ ਕੌਂਸਲ ਦਫ਼ਤਰ ਤੋਂ ਸਥਾਨਕ ਸਰਹਿੰਦੀ ਦਰਵਾਜੇ ਤੱਕ ਰੋਸ ਮਾਰਚ ਕੱਢਿਆ ਗਿਆ। ਮਾਰਚ ਨੂੰ ਚਮਕੌਰ ਸਿੰਘ, ਹਰਫੂਲ ਸਿੰਘ ਸਰੌਦ, ਪਿਆਰਾ ਸਿੰਘ ਖ਼ਾਲਸਾ, ਪੱਪੂ ਕਲਿਆਣ ਆਦਿ ਨੇ ਸੰਬੋਧਨ ਕੀਤਾ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਦਿੜ੍ਹਬਾ ਨੇੜਲੇ ਪਿੰਡ ਰੋਗਲਾ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਹਾਥਰਸ ਹੱਤਿਆ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਮੁਲਾਜ਼ਮ ਆਗੂ ਦਰਸ਼ਨ ਸਿੰਘ ਰੋਗਲਾ ਨੇ ਸੰਬੋਧਨ ਕੀਤਾ।
ਦਲਿਤ ਭਾਈਚਾਰੇ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਜਾਮ
ਅਮਰਗੜ੍ਹ (ਰਾਜਿੰਦਰ ਸਿੰਘ ਜੈਦਕਾ): ਦਲਿਤ ਜਥੇਬੰਦੀਆਂ ਵੱਲੋਂ ਇਥੇ ਬਾਜ਼ਾਰ ਵਿੱਚ ਮੋਦੀ ਤੇ ਜੋਗੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਬੱਸ ਸਟੈਂਡ ’ਤੇ ਧਰਨਾ ਲਾ ਕੇ ਟਰੈਫਿਕ ਜਾਮ ਕੀਤੀ ਗਈ। ਇਸ ਮੌਕੇ ਜਬਰ ਜ਼ੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ, ਡਾ. ਬੀਆਰ ਅੰਬੇਦਕਰ ਫਾਊਂਡੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਢਢੋਗਲ, ਸੀਨੀਅਰ ਆਗੂ ਹਰਿੰਦਰ ਸਿੰਘ ਝੱਲ, ਗੁਰਪ੍ਰੀਤ ਸਿੰਘ ਬਨਭੌਰਾ, ਸੁਖਪਾਲ ਸਿੰਘ ਦਰੋਗੇਵਾਲ, ਗੁਰਦੇਵ ਸਿੰਘ ਆਦਿ ਨੇ ਪੀੜਤ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਉਸ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।