ਪੱਤਰ ਪ੍ਰੇਰਕ
ਲਹਿਰਾਗਾਗਾ, 24 ਨਵੰਬਰ
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਲਹਿਰਾਗਾਗਾ ਵਿੱਚ ਡਿੱਪੂ ਹੋਲਡਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਆਉਣ ’ਤੇ ਡਿੱਪੂ ਹੋਲਡਰਾਂ ਨੂੰ ਤਨਖਾਹ ਲਾਉਣ ਤੋਂ ਇਲਾਵਾ ਉਨ੍ਹਾਂ ਦੀਆਂ ਬਾਕੀ ਮੰਗਾਂ ਵੀ ਜਲਦੀ ਮੰਨ ਲਈਆਂ ਜਾਣਗੀਆਂ। ਇਸ ਮੌਕੇ ‘ਆਪ’ ਆਗੂ ਜਸਵੀਰ ਸਿੰਘ ਕੁਦਨੀ, ਕੁੱਕੀ ਲਦਾਲ ਤੋਂ ਇਲਾਵਾ ਡਿੱਪੂ ਹੋਲਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੰਗੀ, ਪਰਮਜੀਤ ਹਾਂਡਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਯੂਨੀਅਨ ਨੇ ਇਸ ਸਮੇਂ ਹਰਪਾਲ ਚੀਮਾ ਨੂੰ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ। ਐਡਵੋਕੇਟ ਹਰਪਾਲ ਚੀਮਾ ਅਤੇ ਜਸਵੀਰ ਸਿੰਘ ਕੁਦਨੀ ਨੇ ਕਿਹਾ ਕਿ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸੂਬੇ ਦੇ ਡਿਪੂ ਹੋਲਡਰਾਂ ਦੀ ਮੀਟਿੰਗ ਕਰਵਾ ਕੇ ਮੰਗਾਂ ਸਬੰਧੀ ਸਰਕਾਰ ਬਣਨ ’ਤੇ ਗਾਰੰਟੀ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਆਤਮਾ ਸਿੰਘ ਬੁਗਰਾ ਪ੍ਰਧਾਨ, ਦਰਸ਼ਨ ਸਿੰਘ ਜਖੇਪਲ, ਬਲਾਕ ਪ੍ਰਧਾਨ ਬਲਕਾਰ ਸਿੰਘ ਅੜਕਵਾਸ ਤੇ ਯੂਨੀਅਨ ਦੇ ਸੂਬਾ ਸਕੱਤਰ ਸ਼ੰਭੂ ਗੋਇਲ ਵੀ ਮੌਜੂਦ ਸਨ।