ਬੀਰਬਲ ਰਿਸ਼ੀ
ਸ਼ੇਰਪੁਰ, 28 ਅਕਤੂਬਰ
ਜ਼ਿਲ੍ਹਾ ਸੰਗਰੂਰ ਦੇ ਪਿੰਡ ਘਨੌਰੀ ਕਲਾਂ ਦੇ ਹਰਦੀਪ ਸਿੰਘ ਤੇ ਪਿੰਡ ਸਤੌਜ਼ ਦੀ ਗੁਰਪ੍ਰੀਤ ਕੌਰ ਬਿਨਾ ਦਾਜ ਤੇ ਬਿਲਕੁਲ ਸਾਦਾ ਵਿਆਹ ਚਰਚਾ ਵਿੱਚ ਹੈ। ਪਿੰਡ ਘਨੌਰੀ ਕਲਾਂ ਦੇ ਮਰਹੂਮ ਨਿਹਾਲ ਸਿੰਘ ਜੋ ਭਾਰਤੀ ਕਮਿਉਨਿਸਟ ਪਾਰਟੀ (ਮਾਰਕਸਵਾਦੀ) ਦੇ ਸਰਗਰਮ ਮੈਂਬਰ ਰਹੇ ਦੇ ਛੋਟੇ ਪੁੱਤਰ ਹਰਦੀਪ ਸਿੰਘ ਉਰਫ਼ ਮੋਟੂ ਦਾ ਵਿਆਹ ਪਰਿਵਾਰਕ ਮੈਂਬਰਾਂ ਨੇ ਪਿੰਡ ਸਤੌਜ਼ ਦੀ ਗੁਰਪ੍ਰੀਤ ਕੌਰ ਨਾਲ ਜਿਉਂ ਹੀ ਵਿਆਹ ਦੀ ਤਾਰੀਕ ਪੱਕੀ ਕੀਤੀ ਤਾਂ ਹਰਦੀਪ ਨੇ ਬਿਨਾਂ ਦਾਜ ਦੇ ਵਿਆਹ ਸਬੰਧੀ ਆਪਣੀ ਸ਼ਰਤ ਦਾ ਖੁਲਾਸਾ ਕੀਤਾ।
ਹਰਦੀਪ ਸਿੰਘ ਨੇ ਇਸ ਪ੍ਰਤੀਨਿਧ ਕੋਲ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਦੇ ਸਿਰਫ਼ ਚਾਰ ਬਰਾਤੀ ਇੱਕ ਗੱਡੀ ਵਿੱਚ ਗਏ ਸਨ ਜਦੋਂਕਿ ਉਹ ਖੁਦ ਮੋਟਰਸਾਈਕਲ ’ਤੇ ਗਿਆ। ਗੁਰਦੁਆਰੇ ਵਿਖੇ ਅਨੰਦ ਕਾਰਜ ਕਰਵਾਏ ਅਤੇ ਆਪਣੀ ਪਤਨੀ ਨੂੰ ਆਪਣੇ ਮੋਟਰਸਾਈਕਲ ’ਤੇ ਹੀ ਆਪਣੇ ਘਰ ਲੈ ਆਇਆ। ਉਨ੍ਹਾਂ ਦਾਅਵਾ ਕੀਤਾ ਕਿ ਉਸਨੇ ਆਪਣੇ ਸਹੁਰੇ ਪਰਿਵਾਰ ਤੋਂ ਉਕਾ ਹੀ ਕੋਈ ਦਾਜ ਦਹੇਜ ਨਹੀਂ ਲਿਆ। ਉਂਜ, ਉਹ ਆਪਣੇ ਸਹੁਰੇ ਘਰ ਖਾਣਾ ਖਾਣ ਮੌਕੇ ਵੀ ਪੰਗਤ ’ਚ ਬੈਠ ਕੇ ਲੰਗਰ ਛਕਣਾ ਚਹੁੰਦਾ ਸੀ ਪਰ ਉਸਦੇ ਸਹੁਰੇ ਪਰਿਵਾਰ ਨੇ ਉਸਨੂੰ ਖਾਣਾ ਜ਼ਰੂਰ ਕੁਰਸੀ ’ਤੇ ਬਿਠਾ ਕੇ ਛਕਾਇਆ।
ਚੰਗੀ ਜ਼ਮੀਨ ਦੇ ਮਾਲਕ ਹਰਦੀਪ ਸਿੰਘ ਦੀ ਵਿਦਿਅਕ ਯੋਗਤਾ ਅੰਡਰ ਮੈਟ੍ਰਿਕ ਅਤੇ ਉਸਦੀ ਪਤਨੀ ਦੀ ਵਿਦਿਅਕ ਯੋਗਤਾ ਐੱਮਐੱਸਸੀ ਦੱਸੀ ਜਾ ਰਹੀ ਹੈ ਅਤੇ ਆਈਲੈਟਸ ਵਿੱਚੋਂ ਵੀ ਚੰਗੇ ਬੈਂਡ ਲਏ ਹਨ। ਹਰਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਵਿਦੇਸ਼ ਜਾਣ ਦਾ ਇਛੁੱਕ ਨਹੀਂ। ਉਂਜ ਦੋਵੇਂ ਪਤੀ-ਪਤਨੀ ਨੂੰ ਇੱਕ ਦੂਜੇ ਦੀ ਸੋਚ ’ਤੇ ਮਾਣ ਹੈ। ਸਮਾਜ ਸੇਵੀ ਮਾਸਟਰ ਕੁਲਵੰਤ ਸਿੰਘ ਨੇ ਇਸ ਵਿਲੱਖਣ ਵਿਆਹ ਨੂੰ ਹੋਰਨਾਂ ਨੌਜਵਾਨਾਂ ਲਈ ਰਾਹ ਦਰਸਾਉ ਤੇ ਪ੍ਰੇਰਣਾ ਸਰੋਤ ਕਰਾਰ ਦਿੰਦਿਆਂ ਨੌਜਵਾਨਾਂ ਦੀ ਅਜਿਹੀ ਹਾਂ-ਪੱਖੀ ਸੋਚ ਨੂੰ ਸਮਾਜ ਲਈ ਸ਼ੁਭ ਸ਼ਗਨ ਦੱਸਿਆ ਹੈ।