ਨਿਜੀ ਪੱਤਰ ਪ੍ਰੇਰਕ
ਸੰਗਰੂਰ, 1 ਫਰਵਰੀ
ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਦੇ ਕਿਲਾ ਮਾਰਕੀਟ ਸਥਿਤ ਮੁੱਖ ਚੋਣ ਦਫ਼ਤਰ ਦਾ ਉਦਘਾਟਨੀ ਸਮਾਗਮ ਰੈਲੀ ਹੋ ਨਬਿੜਿਆ। ਲੋਕਾਂ ਨੇ ਵਿਜੈਇੰਦਰ ਸਿੰਗਲਾ ਦੇ ਹੱਕ ’ਚ ਨਾਅਰਿਆਂ ਨਾਲ ਹਮਾਇਤ ਕਰਨ ਦਾ ਹੋਕਾ ਦਿੱਤਾ। ਇਸ ਮੌਕੇ ਸ੍ਰੀ ਸਿੰਗਲਾ ਨੇ ਕਿਹਾ ਕਿ ਪਿਛਲੇ ਪੰਜ ਸਾਲਾ ਤੋਂ ਜਿਹੜਾ ਵਿਕਾਸ ਕੀਤਾ ਗਿਆ ਹੈ, ਉਸ ਨੂੰ ਉਹ ਆਪਣੇ ‘ਸ਼ਾਨਦਾਰ ਸੰਗਰੂਰ’ ਦੇ ਕਾਲਮ ਵਿੱਚ ਬੰਦ ਕਰਦੇ ਹਨ ਅਤੇ ਅੱਜ ਤੋਂ ਹੀ ‘ਸ਼ਾਨਦਾਰ ਸੰਗਰੂਰ ਭਾਗ 2’ ਦਾ ਆਰੰਭ ਕਰਨ ਦਾ ਐਲਾਨ ਕਰਦੇ ਹਨ।
ਸ੍ਰੀ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਕੋਲ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦੇ ਪ੍ਰਧਾਨ ਮਹਿੰਦਰ ਪਾਲ ਭੋਲਾ ਨੇ ਕਿਹਾ ਕਿ ਵਿਕਾਸ ਦੇ ਸਿਰ ’ਤੇ ਸਿੰਗਲਾ ਵੱਡੀ ਜਿੱਤ ਹਾਸਲ ਕਰਨਗੇ। ਇਸ ਮੌਕੇ ਦਿਨੇਸ਼ ਬਾਂਸਲ ਨੇ ਵੀ ਸ੍ਰੀ ਸਿੰਗਲਾ ਦੀ ਜਿੱਤ ਲਈ ਡਟਣ ਦਾ ਅਹਿਦ ਲਿਆ। ਇਸ ਮੌਕੇ ਸੀਨੀਅਰ ਆਗੂ ਸੁਭਾਸ਼ ਗਰੋਵਰ, ਅਮਰਜੀਤ ਸਿੰਘ ਟੀਟੂ, ਬੀਬੀ ਬਲਵੀਰ ਕੌਰ ਸੈਣੀ ਤੇ ਬੀਬੀ ਨਰੇਸ਼ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।