ਖੇਤਰੀ ਪ੍ਰਤੀਨਿਧ
ਪਟਿਆਲਾ, 19 ਨਵੰਬਰ
ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਵੱਲੋਂ ਗੁਰੂ ਘਰ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਤੜਕ ਸਵੇਰ ਤੋਂ ਇਤਿਹਾਸਕ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਨ ਮਗਰੋਂ ਪੰਗਤ-ਸੰਗਤ ਕਰਦਿਆਂ ਹਜ਼ੂਰੀ ਕੀਰਤਨੀ ਜਥਿਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਗਿਆ। ਇਸੇ ਤਰ੍ਹਾਂ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਅਤੇ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਕ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਦੂਖਨਿਵਾਰਨ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਹੈਡ ਗ੍ਰੰਥੀ ਭਾਈ ਪ੍ਰਿਤਪਾਲ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਧਾਰਮਿਕ ਸਮਾਗਮ ਦੌਰਾਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਮੈਂਬਰਾਨ ਕੁਲਦੀਪ ਕੌਰ ਟੌਹੜਾ ’ਤੇ ਜਰਨੈਲ ਸਿੰਘ ਕਰਤਾਰਪੁਰ ਉਚੇਚੇ ਤੌਰ ’ਤੇ ਪੁੱਜੇ।
ਪਾਤੜਾਂ(ਪੱਤਰ ਪ੍ਰੇਰਕ): ਇਥੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਨੇ ਹਾਜ਼ਰੀ ਲਵਾਈ।
ਦੇਵੀਗੜ੍ਹ(ਪੱਤਰ ਪ੍ਰੇਰਕ): ਇਥੇ ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਛੰਨਾ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਲੇਖ, ਕਵਿਤਾਵਾਂ, ਸ਼ਬਦ, ਕੀਰਤਨ ਅਤੇ ਨਾਟਕ ਪੇਸ਼ ਕੀਤੇ। ਵਿਦਿਆਰਥਣ ਗੁਰਪ੍ਰੀਤ ਕੌਰ ਅਤੇ ਗੁਰਜੋਤ ਕੌਰ ਨੇ ਸ਼ਬਦ ਗਾ ਕੇ ਸਭ ਦਾ ਮਨ ਮੋਹਿਆ। ਵਿਦਿਆਰਥੀ ਪਰਵਿੰਦਰ ਸਿੰਘ ਅਤੇ ਕਰਨਵੀਰ ਸਿੰਘ ਨੇ ਕੀਰਤਨ ਕੀਤਾ।
ਇਸੇ ਤਰ੍ਹਾਂ ਪਿੰਡ ਜੁਲਾਹਖੇੜੀ ਵਿਖੇ ਸਥਿਤ ਡਾ. ਬੀ.ਐੱਸ. ਸੰਧੂ ਮੈਮੋਰੀਅਲ ਸਕੂਲ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਤੇ ਆਨੰਦ ਸਾਹਿਬ ਜੀ ਦੇ ਪਾਠ ਦਾ ਜਾਪ ਕੀਤਾ ਗਿਆ।
ਲਹਿਰਾਗਾਗਾ(ਪੱਤਰ ਪ੍ਰੇਰਕ): ਇੱਥੇ ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ, ਅਕਾਲ ਸਹਾਇ ਅਕੈਡਮੀ ਭੁਟਾਲ ਕਲਾਂ ਵਿੱੱਚ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਗੁਰੂ ਨਾਨਕ ਦੇਵ ਜੀ ਦਾ 552ਵਾਂ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ। ਇਥੇ ਵੱਖ-ਵੱਖ ਗੁਰੂਘਰਾਂ ਵਿੱਚ ਰੱਖੇ ਅਖੰਡ ਪਾਠਾਂ ਦੇ ਭੋਗ ਪਾਏ। ਅਕਾਲ ਸਹਾਇ ਅਕੈਡਮੀ ਗਰੀਨ ਪਾਰਕ ਭੁਟਾਲ ਕਲਾਂ ਵਿੱਚ ਨੂੰ ਗੁਰਪੁਰਬ ਸ਼ਰਧਾ ਨਾਲ ਸਮੂਹ ਸਟਾਫ ਅਤੇ ਬੱਚਿਆਂ ਦੁਆਰਾ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਕਵਿਤਾਵਾਂ , ਸਬਦ ਵੰਸ਼ਿਕਾ ਸ਼ਰਮਾ , ਡਾਇਮੰਡਪ੍ਰੀਤ ਕੌਰ , ਦੀਪਿੰਦਰ ਸਿੰਘ , ਹਰਮਨਜੋਤ ਸਿੰਘ, ਏਕਮਪ੍ਰੀਤ ਸਿੰਘ ਵੱਲੋਂ ਗਾਏ ਗਏ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਇਥੇ ਗੁਰਦੁਆਰਾ ਸਿੰਘ ਸਭਾ ਸਾਹਿਬ ਧੂਰੀ ਦੀ ਪ੍ਰਬੰਧਕੀ ਕਮੇਟੀ ਅਤੇ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਮੈਨੇਜਰ ਗੁਰਜੀਤ ਸਿੰਘ ਚਾਂਗਲੀ, ਕਮੇਟੀ ਮੈਂਬਰ ਸ਼ਿਵਦੇਵ ਸਿੰਘ, ਪ੍ਰਿੰਸੀਪਲ ਸੇਵਾ ਸਿੰਘ ਢੀਂਡਸਾ, ਕੌਂਸਲਰ ਰਾਜੀਵ ਚੌਧਰੀ, ਕਿਰਪਾਲ ਸਿੰਘ ਜਵੰਧਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਘਨੌਰ(ਪੱਤਰ ਪ੍ਰੇਰਕ): ਇਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ’ਤੇ ਇਤਿਹਾਸਕ ਗੁਰਦੁਆਰਾ ਨਥਾਣਾ ਸਾਹਿਬ ਜੰਡ ਮਗੌਲੀ, ਲੋਹਸਿੰਬਲੀ, ਘਨੌਰ, ਨਰੜੂ, ਮੰਡੌਲੀ, ਹਰਪਾਲਪੁਰ, ਸ਼ੰਭੂ, ਸੰਧਾਰਸੀ, ਕਬੂਲਪੁਰ, ਨਨਹੇੜੀ, ਸ਼ੇਖੂਪੁਰ, ਚੱਪੜ ਅਤੇ ਮਰਦਾਂਪੁਰ ਸਮੇਤ ਹੋਰਨਾਂ ਗੁਰਦੁਆਰਿਆਂ ਵਿੱਚ ਇਸ ਪਵਿੱਤਰ ਦਿਹਾੜੇ ’ਤੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੁਆਏ ਗਏ। ਮਰਦਾਂਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਭਾਈ ਪਰਮਜੀਤ ਸਿੰਘ ਦੇ ਜਥੇ ਨੇ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ।
ਸੰਗਰੂਰ(ਪੱਤਰ ਪ੍ਰੇਰਕ): ਇਥੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਪਿੰਡ ਫ਼ਤਿਹਗੜ੍ਹ ਛੰਨਾ ਦੇ ਗੁਰਦੁਆਰਾ ਅਬਚਲ ਨਗਰ ਸਾਹਿਬ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਰਾਜਵੀਰ ਸਿੰਘ ਨੇ ਦੱਸਿਆ ਕਿ ਅੱਜ ਪ੍ਰਭਾਤ ਫ਼ੇਰੀਆਂ ਦੀ ਸਮਾਪਤੀ ਉਪਰੰਤ ਗੁਰੂ ਘਰ ਵਿੱਚ ਪਾਠ ਦੇ ਭੋਗ ਪਾਏ ਗਏ।
ਧੂਰੀ(ਖੇਤਰੀ ਪ੍ਰਤੀਨਿਧ): ਇਥੇ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਸ਼ਹਿਰ ਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੇ ਪੰਚਾਇਤੀ ਗੁਰਦੁਆਰਾ, ਸੁੱਖਾ ਸਿੰਘ ਗੁਰਦੁਆਰਾ, ਧੂਰੀ ਪਿੰਡ ਤੋਂ ਇਲਾਵਾ ਹੋਰ ਗੁਰੂ ਘਰਾਂ ਵਿੱਚ ਦੀਪਮਾਲਾ ਕਰ ਕੇ ਲੰਗਰ ਲਾਏ ਗਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਗਏ।
ਡਕਾਲਾ(ਪੱਤਰ ਪ੍ਰੇਰਕ): ਇਥੇ ਸ਼੍ਰੋਮਣੀ ਕਮੇਟੀ ਦੇ ਅਧੀਨ ਪੈਂਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਰਹਾਲੀ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਵਿੱਚ ਇਲਾਕੇ ਭਰ ਵਿੱਚੋਂ ਵੱਡੀ ਗਿਣਤੀ ਸੰਗਤ ਨੇ ਸ਼ਮੂਲੀਅਤ ਕੀਤੀ।
ਲੌਂਗੋਵਾਲ ਵਿੱਚ ਅਲੌਕਿਕ ਨਗਰ ਕੀਰਤਨ ਸਜਾਇਆ
ਲੌਂਗੋਵਾਲ(ਪੱਤਰ ਪ੍ਰੇਰਕ): ਇਥੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੁੱਲਟ ਪੱਤੀ ਲੌਂਗੋਵਾਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ 5 ਪਿਆਰਿਆਂ ਦੀ ਅਗਵਾਈ ਹੇਠ ਫੁੱਲਾਂ ਲੱਦੀ ਪਾਲਕੀ ਵਿਚ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਨਗਰ ਨਿਵਾਸੀਆਂ ਵਲੋਂ ਰਸਤਿਆਂ ਨੂੰ ਸਾਫ਼ ਕੀਤਾ ਗਿਆ ਅਤੇ ਸੰਗਤਾਂ ਦੇ ਸਵਾਗਤ ਲਈ ਲੰਗਰ ਲਾਏ ਗਏ। ਸਕੂਲੀ ਬੱਚਿਆਂ, ਫੌਜੀ ਬੈਂਡ ਦੀਆਂ ਸੰਗੀਤਕ ਧੁਨਾਂ ਅਤੇ ਕੀਰਤਨੀ ਜੱਥਿਆਂ ਦੇ ਸ਼ਬਦ ਕੀਰਤਨ ਨੇ ਸਮੁੱਚੇ ਮਾਹੌਲ ਨੂੰ ਸ਼ਰਧਾਮਈ ਰੰਗ ਵਿਚ ਰੰਗ ਦਿੱਤਾ। ਇਸ ਨਗਰ ਕੀਰਤਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਕਾਲੀ ਉਮੀਦਵਾਰ ਬਲਦੇਵ ਸਿੰਘ ਮਾਨ, ਜਥੇ. ਉਦੇ ਸਿੰਘ, ਸਾ. ਚੇਅਰਮੈਨ ਜੀਤ ਸਿੰਘ ਸਿੱਧੂ, ਹਰਪ੍ਰੀਤ ਸਿੰਘ ਹੰਝਰਾ, ਸਿਟੀ ਪ੍ਰਧਾਨ ਵਿਜੇ ਗੋਇਲ, ਨਗਰ ਕੌਂਸਲ ਦੇ ਪ੍ਰਧਾਨ ਰੀਤੂ ਗੋਇਲ ਆਦਿ ਹਾਜ਼ਰ ਸਨ।
ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਸਮਾਗਮ ਕਰਵਾਏ
ਰਾਜਪੁਰਾ(ਪੱਤਰ ਪ੍ਰੇਰਕ): ਇਥੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਮਹਿੰਦਰਗੰਜ, ਕੇਂਦਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟਾਊਨ, ਗੁਰਦੁਆਰਾ ਸਾਹਿਬ ਗੁਲਾਬ ਨਗਰ, ਗੁਰਦੁਆਰਾ ਭਾਈ ਮਤੀ ਦਾਸ, ਇਤਿਹਾਸਕ ਗੁਰਦੁਆਰਾ ਸ਼ਹੀਦ ਭਾਈ ਸੁੱਖਾ ਸਿੰਘ ਨੀਲਪੁਰ, ਗੁਰਦੁਆਰਾ ਦਸ਼ਮੇਸ਼ ਕਲੋਨੀ ਪਚਰੰਗੀ ਚੌਕ, ਡਾਲਿਮਾ ਵਿਹਾਰ, ਸੁਖਮਨੀ ਸੇਵਾ ਸੁਸਾਇਟੀ ਪੁਰਾਣੀ ਕਚਹਿਰੀ, ਗੁਰਦੁਆਰਾ ਨਵੀਨ ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਜੀ.ਟੀ ਰੋਡ, ਗੁਰਦੁਆਰਾ ਭਗਤ ਰਵੀਦਾਸ, ਗੁਰਦੁਆਰਾ ਜੋਤਿ ਸਰੂਪ ਫੋਕਲ ਪੁਆਇੰਟ ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਕਾਲਕਾਂ ਰੋਡ ਸਮੇਤ ਸ਼ਹਿਰੀ ਖੇਤਰ ਤੋਂ ਇਲਾਵਾ ਪਿੰਡ ਪਿਲਖਣੀ , ਸ਼ੈਦਖੇੜੀ, ਖਾਨਪੁਰ ਭੋਗਲਾਂ, ਸੂਹਰੋਂ, ਢਕਾਨਸੂ, ਸ਼ਾਮਦੂ ਸਮੇਤ ਹੋਰਨਾਂ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਅਖੰਡ ਪਾਠ ਦੇ ਭੋਗ ਪੁਆਏ ਗਏ, ਕੀਰਤਨ ਦਰਬਾਰ ਸਜਾਏ ਗਏ। ਵੱਡੀ ਗਿਣਤੀ ਸੰਗਤਾਂ ਸ਼ਾਮਿਲ ਹੋਈਆਂ।