ਪੱਤਰ ਪ੍ਰੇਰਕ
ਸੰਗਰੂਰ, 6 ਜੂਨ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ 50 ਸਾਲਾ ਸਥਾਪਨਾ ਦਿਵਸ ਸਮਾਗਮਾਂ ਦੀ ਲੜੀ ਤਹਿਤ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ ਗੁਰਦੁਆਰਾ ਸੰਤਪੁਰਾ ਵਿੱਚ ਕਰਵਾਏ ਗਏ| ਇਹ ਮੁਕਾਬਲੇ ਜ਼ੋਨ ਪ੍ਰਧਾਨ ਗੁਰਜੰਟ ਸਿੰਘ ਰਾਹੀ, ਜਥੇਬੰਦਕ ਸਕੱਤਰ ਗੁਰਮੇਲ ਸਿੰਘ, ਡਿਪਟੀ ਚੀਫ਼ ਆਰਗਨਾਈਜ਼ਰ ਸੁਰਿੰਦਰਪਾਲ ਸਿੰਘ ਸਿੱਦਕੀ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ। ਮੁਕਾਬਲਿਆਂ ਵਿੱਚ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ| ਸਰਕਲ ਇੰਚਾ: ਮੋਹਨ ਸਿੰਘ, ਸੁਖਪਾਲ ਸਿੰਘ ਦੇ ਨਾਲ ਪਰਮਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਨੇ ਬਤੌਰ ਜੱਜਾਂ ਦੀ ਭੂਮਿਕਾ ਨਿਭਾਈ| ਇਨ੍ਹਾਂ ਮੁਕਾਬਲਿਆਂ ਵਿਚ ਜਿਥੇ ਸਭ ਤੋਂ ਛੋਟੇ ਗਰੁੱਪ ਵਿਚ ਦੂਜੀ ਜਮਾਤ ਦੇ ਬੱਚੇ ਅੰਤਰਪ੍ਰੀਤ ਸਿੰਘ ਨੇ ਜ਼ੁਬਾਨੀ ਬਾਣੀ ਸੁਣਾ ਕੇ ਪਹਿਲਾ ਸਥਾਨ ਹਾਸਲ ਕੀਤਾ, ਉਥੇ ਸਭ ਤੋਂ ਵੱਡੇ ਸਰਬੱਤ ਸੰਗਤ ਗਰੁੱਪ ਵਿਚ 80 ਸਾਲ ਦੀ ਬਜ਼ੁਰਗ ਮਾਤਾ ਗੁਰਬਚਨ ਕੌਰ ਨੇ ਨਿਤਨੇਮ ਦੀਆਂ ਬਾਣੀਆਂ ਜ਼ੁਬਾਨੀ ਸੁਣਾ ਕੇ ਪਹਿਲਾ ਸਥਾਨ ਹਾਸਲ ਕੀਤਾ| ਇਲਾਮ ਵੰਡਣ ਦੀ ਰਸਮ ਅਧਿਆਪਕ ਇੰਚਾਰਜਾਂ ਤੇ ਸਹਿਯੋਗੀਆਂ ਨੂੰ ਸਨਮਾਨ ਦੇਣ ਦੀ ਰਸਮ ਗੁਰਮੀਤ ਸਿੰਘ, ਜਤਿੰਦਰਪਾਲ ਸਿੰਘ ਤੇ ਰਣਜੀਤ ਸਿੰਘ ਆਦਿ ਨੇ ਨਿਭਾਈ।