ਨਿਜੀ ਪੱਤਰ ਪ੍ਰੇਰਕ
ਸੰਗਰੂਰ, 15 ਸਤੰਬਰ
ਦਰਜਾ ਚਾਰ ਅਤੇ ਕਲੈਰੀਕਲ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਹੱਲ ਲਈ ਮੁਲਾਜ਼ਮਾਂ ਵਲੋਂ ਪੰਜਾਬ ਸੁਬਰਾਡੀਨੇਟ ਸਰਵਿਸ ਫੈਡਰੇਸ਼ਨ ਅਤੇ ਦੀ ਕਲਾਸ ਫੋਰ ਯੂਨੀਅਨ ਦੀ ਅਗਵਾਈ ਹੇਠ ਸਿਵਲ ਹਸਪਤਾਲ ਅਤੇ ਸਿਵਲ ਸਰਜਨ ਦਫ਼ਤਰ ਅੱਗੇ ਰੋਸ ਧਰਨੇ ਦਿੱਤੇ ਗਏ ਅਤੇ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨਿਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੀਤਾ ਰਾਮ ਸ਼ਰਮਾ, ਜਨਰਲ ਸਕੱਤਰ ਕੰਵਰਜੀਤ ਸਿੰਘ ਅਤੇ ਕਲਾਸ ਫੋਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ ਨੇ ਹੱਕੀ ਤੇ ਜਾਇਜ਼ ਮੰਗਾਂ ਦਾ ਹੱਲ ਨਾ ਕਰਨ ’ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵਤੀਰੇ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਲੈਰੀਕਲ ਦੀਆਂ ਇਧਰੋ ਉਧਰੋ ਡਿਊਟੀਆਂ, ਠੇਕੇਦਾਰੀ ਸਿਸਟਮ ਵਿਚ ਸ਼ੋਸ਼ਣ ਕਰਨਾ, ਕੁਝ ਫੁਟਕਲ ਮੰਗਾਂ ਦਾ ਹੱਲ ਨਾ ਹੋਣ ’ਤੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਪੱਕਾ ਮੋਰਚਾ ਲਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਜਿਨ੍ਹਾਂ ਨੂੰ ਬੇਲੋੜਾ ਲਟਕਾਇਆ ਜਾ ਰਿਹਾ ਹੈ। ਇਸ ਮਗਰੋਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਯੂਨੀਅਨਾਂ ਦੇ ਆਗੂਆਂ ਨੂੰ ਗੱਲਬਾਤ ਲਈ ਦਫ਼ਤਰ ਸੱਦਿਆ ਅਤੇ ਮੰਗਾਂ ਦੇ ਜਲਦ ਹੱਲ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਯੂਨੀਅਨ ਆਗੂ ਸੱਤਪਾਲ ਮੌੜ, ਰਮੇਸ਼ ਕੁਮਾਰ, ਪਰਮਿੰਦਰ ਕੁਮਾਰ ਸ਼ੇਰਪੁਰ, ਹਰਪ੍ਰੀਤ ਸਿੰਘ ਵਾਲੀਅ, ਰਣਜੀਤ ਭੀਖੀ, ਅਮਰਜੀਤ ਸਿੰਘ, ਨਿਗਾਹੀ ਰਾਮ, ਹਰਪਾਲ ਸਿੰਘ ਸ਼ੇਰਪੁਰ, ਮੁਨੀਸ਼ ਕੁਮਾਰ ਲੌਂਗੋਵਾਲ, ਵਿਜੇ ਕੁਮਾਰ, ਅਜੈਬ ਸਿੰਘ, ਰਵਿੰਦਰ ਸ਼ਰਮਾ, ਸਤਨਾਮ ਸਿੰਘ, ਬਲਜਿੰਦਰ ਸਿੰਘ ਆਦਿ ਮੌਜੂਦ ਸਨ।