ਹਰਦੀਪ ਸਿੰਘ ਸੋਢੀ
ਧੂਰੀ, 1 ਜੁਲਾਈ
ਕਿਸਾਨ ਮੁਕਤੀ ਮੋਰਚਾ ਪੰਜਾਬ ਦੀ ਮੀਟਿੰਗ ਪ੍ਰੀਤਮ ਸਿੰਘ ਧੂਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਸੂਬਾ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਨੇ ਕੇਂਦਰ ਸਰਕਾਰ ਤੋਂ ਕਿਸਾਨ ਮਾਰੂ ਫ਼ੈਸਲੇ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਕਿਸਾਨੀ ਨੂੰ ਬਰਬਾਦ ਕਰ ਦੇਵੇਗਾ। ਉਨ੍ਹਾਂ ਖੇਤੀ ਸੈਕਟਰ ਲਈ ਬਿਜਲੀ ਦੀ ਸਪਲਾਈ 8 ਘੰਟੇ ਦੀ ਬਜਾਏ 10 ਘੰਟੇ ਕਰਨ ਲਈ ਸਰਕਾਰ ਤੋਂ ਮੰਗ ਕੀਤੀ ਗਈ। ਮੀਟਿੰਗ ਵਿੱਚ ਕੋਵਿਡ ਕੇਅਰ ਸੈਂਟਰ ਘਾਬਦਾਂ ਵਿੱਚ ਕਰੋਨਾ ਪਾਜ਼ੇਟਿਵ ਆਉਣ ਕਾਰਨ ਧੂਰੀ ਦੇ ਮਾਹਰ ਹੋਮਿਓਪੈਥਿਕ ਡਾ. ਨਰੇਸ਼ ਜਿੰਦਲ ਖ਼ਿਲਾਫ਼ ਦਰਜ ਕੀਤੇ ਗਏ ਮੁੱਕਦਮੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਮਗਰੋਂ ਆਗੂਆਂ ਨੇ ਮੰਗਾਂ ਸਬੰਧੀ ਪਾਵਰਕੌਮ ਧੂਰੀ ਦੇ ਐਕਸੀਅਨ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਮੀਟਿੰਗ ਵਿੱਚ ਪ੍ਰਿਥੀ ਚੰਦ ਸ਼ਰਮਾ ਕੱਕੜਵਾਲ, ਜਗਤਾਰ ਸਿੰਘ ਬਾਜਵਾ ਕਹੇਰੂ, ਪੂਰਨ ਚੰਦ ਸ਼ਰਮਾ ਸਾਬਕਾ ਐਸ.ਡੀ.ਓ, ਲਾਭ ਸਿੰਘ ਮੂਲੋਵਾਲ, ਪਾਲ ਸਿੰਘ ਬਮਾਲ, ਰਮੇਸ਼ ਕੁਮਾਰ ਰਾਜੋਮਾਜਰਾ, ਉਜਾਗਰ ਸਿੰਘ ਸਲੇਮਪੁਰ, ਸਿੰਦਰ ਸਿੰਘ ਖੰਨੇਵਾਲਾ, ਭਿੰਦਰ ਰਾਮ ਰਾਜੋਮਾਜਰਾ ਤੇ ਚੰਦ ਸਿੰਘ ਕੱਕੜਵਾਲ ਨੇ ਭਾਗ ਲਿਆ।