ਬੀਰਬਲ ਰਿਸ਼ੀ
ਸ਼ੇਰਪੁਰ, 17 ਜੁਲਾਈ
ਸਿਹਤ ਤੇ ਸਿੱਖਿਆ ਦੇ ਵਿਆਪਕ ਸੁਧਾਰਾਂ ਦੇ ਦਾਅਵੇ ਨੂੰ ਲੈ ਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਸੈਸ਼ਨ ਦਾ ਕਾਫ਼ੀ ਸਮਾਂ ਲੰਘ ਜਾਣ ਦੇ ਬਾਵਜੂਦ ਪਹਿਲੀ ਤੋਂ ਬਾਰ੍ਹਵੀਂ ਤੱਕ ਦੀਆਂ ਕਈ ਕਿਤਾਬਾਂ ਹਾਲੇ ਵੀ ਵਿਦਿਆਰਥੀਆਂ ਤੱਕ ਨਹੀਂ ਪਹੁੰਚੀਆਂ। ਇਸ ਸਬੰਧੀ ਅਧਿਆਪਕ ਜਥੇਬੰਦੀਆਂ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸੁਆਲ ਖੜ੍ਹੇ ਕੀਤੇ ਹਨ।
ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਵਿੱਤ ਸਕੱਤਰ ਕੁਲਵਿੰਦਰ ਸਿੰਘ ਜਹਾਂਗੀਰ ਨੇ ਦੱਸਿਆ ਕਿ ਜਿਹੜੀਆਂ ਕਿਤਾਬਾਂ ਸਕੂਲੀ ਬੱਚਿਆਂ ਨੂੰ ਪਹਿਲੀ ਅਪਰੈਲ ਨੂੰ ਮਿਲ ਜਾਣੀਆਂ ਚਾਹੀਦੀਆਂ ਸਨ, ਉਨ੍ਹਾਂ ਵਿੱਚੋਂ ਵੱਖ-ਵੱਖ ਜਮਾਤਾਂ ਦੀਆਂ ਕਿਤਾਬਾਂ ਬੱਚਿਆਂ ਨੂੰ ਅਜੇ ਤੱਕ ਨਹੀਂ ਮਿਲੀਆਂ।
ਆਗੂ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਵੀ ਸਿੱਖਿਆ ਮੰਤਰੀ ਨੂੰ ਵੀ ਇਸ ਮਸਲੇ ਤੋਂ ਜਾਣੂ ਕਰਾਇਆ ਗਿਆ ਸੀ ਪਰ ਉਨ੍ਹਾਂ ਜਲਦੀ ਕਿਤਾਬਾਂ ਭੇਜਣ ਦਾ ਭਰੋਸਾ ਦੇ ਕੇ ਪੱਲਾ ਝਾੜ ਲਿਆ ਸੀ। ਜਹਾਂਗੀਰ ਅਨੁਸਾਰ ਇੱਕ-ਇੱਕ ਕਰਕੇ ਬੱਚਿਆਂ ਤੱਕ ਪੁੱਜ ਰਹੀਆਂ ਕਿਤਾਬਾਂ ਵਿੱਚੋਂ ਅਜੇ ਵੀ ਪਹਿਲੀ ਤੇ ਦੂਜੀ ਜਮਾਤ ਦੇ ਬੱਚੇ ਗਣਿਤ, ਤੀਜੀ ਤੇ ਚੌਥੀ ਜਮਾਤ ਦੇ ਬੱਚੇ ਮਾਤ ਭਾਸ਼ਾ ਪੰਜਾਬੀ ਦੀਆਂ ਕਿਤਾਬਾਂ ਤੋਂ ਵਾਂਝੇ ਹਨ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਆਗੂ ਬਲਵੀਰ ਚੰਦ ਲੌਂਗੋਵਾਲ ਨੇ ਕਿਹਾ ਕਿ ਸਿੱਖਿਆ ’ਚ ਸੁਧਾਰ ਅਤੇ ਦਿੱਲੀ ਮਾਡਲ ਦੀਆਂ ਗੱਲਾਂ ਕਰਦੀ ਪੰਜਾਬ ਸਰਕਾਰ ਦੇ ਦਾਅਵੇ ਅਤੇ ਜ਼ਮੀਨੀ ਹਕੀਕਤਾਂ ਮੇਲ ਨਹੀਂ ਖਾਂਦੇ। ਆਗੂ ਨੇ ਕਿਹਾ ਕਿ 12ਵੀਂ ਤੱਕ ਕਈ ਜਮਾਤਾਂ ਦੀਆਂ ਕਿਤਾਬਾਂ ਹਾਲੇ ਆਉਣੀਆਂ ਬਾਕੀ ਹਨ ਜਿਸ ਕਰਕੇ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਜਿਸ ਪੱਧਰ ’ਤੇ ਇਹ ਊਣਤਾਈ ਰਹੀ ਹੈ, ਉਨ੍ਹਾਂ ਅਧਿਕਾਰੀਆਂ ’ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਸਿੱਖਿਆ ਮੰਤਰੀ ਨੂੰ ਮਿਲਾਂਗਾ: ਵਿਧਾਇਕ ਪੰਡੋਰੀ
ਹਲਕਾ ਮਹਿਲ ਕਲਾਂ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਉਹ 18 ਜੁਲਾਈ ਨੂੰ ਸਿੱਖਿਆ ਮੰਤਰੀ ਨੂੰ ਮਿਲ ਕੇ ਕਿਤਾਬਾਂ ਸਬੰਧੀ ਮਾਮਲਾ ਧਿਆਨ ਵਿੱਚ ਲਿਆਉਣਗੇ ਅਤੇ ਜਿਸ ਪੱਧਰ ’ਤੇ ਅਫ਼ਸਰਾਂ ਵੱਲੋਂ ਅਣਗਹਿਲੀ ਹੋਈ ਹੈ, ਉਸ ਦੀ ਜਾਂਚ ਦੀ ਮੰਗ ਕਰਨਗੇ।