ਨਿਜੀ ਪੱਤਰ ਪ੍ਰੇਰਕ
ਸੰਗਰੂਰ, 9 ਨਵੰਬਰ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਦੋਸ਼ ਲਾਇਆ ਹੈ ਕਿ ਜ਼ਪੰਜਾਬ ਸਰਕਾਰ ਕਰੋਨਾ ਦੀ ਆੜ ਵਿੱਚ ਸਰਕਾਰੀ ਸਿੱਖਿਆ ’ਚ ਕਾਰਪੋਰੇਟੀ ਸਾਫਟਵੇਅਰ ਕੰਪਨੀਆਂ ਤੇ ਪ੍ਰਾਈਵੇਟ ਅਦਾਰਿਆਂ ਦੇ ਪੈਰ ਪਸਾਰਨ ਲਈ ਹਕੀਕਤਾਂ ਤੋਂ ਉਲਟ ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰ ਰਹੀ ਹੈ ਜਿਸ ਤਹਿਤ ਅਫਸਰਸ਼ਾਹੀ ਅੰਕੜਿਆਂ ਰਾਹੀਂ ਗੱਲਾਂ ਦਾ ਕੜਾਹ ਬਣਾ ਕੇ ਵਾਹ ਵਾਹ ਖੱਟਣ ’ਚ ਲੱਗੀ ਹੋਈ ਹੈ। ਡੀਟੀਐਫ਼ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਤੇ ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਸਰਕਾਰ ਦਾ ਆਨਲਾਈਨ ਸਿੱਖਿਆ ਦੇਣ ਦਾ ਪ੍ਰੋਗਰਾਮ ਵੀ ਬੱਚਿਆਂ ਤੱਕ ਸਿੱਖਿਆ ਪਹੁੰਚਾਉਣ ’ਚ ਕਾਮਯਾਬ ਨਹੀਂ ਹੋ ਸਕਿਆ ਪਰ ਸਰਕਾਰ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਦੇ ਹੋਏ ਆਨਲਾਈਨ ਸਿੱਖਿਆ ਜ਼ਰੀਏ ਟੀਚਰ ਲੈੱਸ ਕਲਾਸ ਰੂਮ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਲੁਕਵੇਂ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰਨ ਲੱਗੀ ਹੈ। ਜਿਸ ਦੇ ਤਹਿਤ ਸਰਕਾਰੀ ਸਕੂਲਾਂ ’ਚ ਆਨਲਾਈਨ ਪੜ੍ਹਾਈ ਨੂੰ ਵਡਿਆਉਣ ਲਈ ਜਾਅਲੀ ਅੰਕੜਿਆਂ ਦੀ ਖੇਡ ਖੇਡੀ ਜਾ ਰਹੀ ਹੈ ਜੋ ਹਕੀਕਤ ਤੋਂ ਉਲਟ ਹੈ। ਇਨ੍ਹਾਂ ਬੱਚਿਆਂ ਕੋਲ ਮਹਿੰਗੇ ਭਾਅ ਦੇ ਸਮਾਰਟ ਫੋਨ ਖਰੀਦਣ ਦੀ ਨਾ ਤਾਂ ਪਹੁੰਚ ਹੈ ਤੇ ਨਾ ਹੀ ਇਹ ਮਹਿੰਗਾ ਡਾਟਾ ਪਵਾਉਣ ਦੇ ਸਮਰੱਥ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਦੀ ਸਿੱਖਿਆ ਖੇਤਰ ’ਚ ਕਾਰਪੋਰੇਟਾਂ ਨੂੰ ਮੁਨਾਫਿਆਂ ਲਈ ਲੁੱਟ ਕਰਨ ਦੀ ਨੀਤੀ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ। ਆਗੂਆਂ ਨੇ ਦੱਸਿਆ ਕਿ ਇਨ੍ਹਾਂ ਮੰਗਾਂ ਦੇ ਸਬੰਧ ਵਿੱਚ ਪੂਰੇ ਸੂਬੇ ’ਚ 16 ਨਵੰਬਰ ਨੂੰ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਮੰਗ ਪੱਤਰ ਦਿੱਤੇ ਜਾਣਗੇ।