ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ , 14 ਅਗਸਤ
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਵੱਲੋਂ 12.23 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਸਰਕਾਰੀ ਡਿਗਰੀ ਕਾਲਜ ਰੋਸ਼ਨਵਾਲਾ ਅੱਜ ਲੋਕ ਅਰਪਤ ਕੀਤਾ ਗਿਆ। ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਦੱਸਿਆ ਕਿ 7 ਏਕੜ ਰਕਬੇ ’ਚ ਬਣੇ ਇਸ ਸਰਕਾਰੀ ਡਿਗਰੀ ਕਾਲਜ ’ਚ ਚਾਲੂ ਅਕਾਦਮਿਕ ਵਰ੍ਹੇ ਲਈ ਦਾਖਲੇ ਸ਼ੁਰੂ ਕਰਵਾ ਦਿੱਤੇ ਗਏ ਹਨ ਤਾਂ ਜੋ ਨੇੜਲੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇ ਕੋਰਸਾਂ ਲਈ ਸੰਗਰੂਰ ਜਾਂ ਪਟਿਆਲੇ ਵਰਗੇ ਸ਼ਹਿਰਾਂ ’ਚ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਇਸ ਵਾਰ ਆਰਟਸ ਗਰੁੱਪ ’ਚ ਬੀਏ ਤੇ ਕਾਮਰਸ ਗਰੁੱਪ ’ਚ ਬੀਕਾਮ ਦੇ ਡਿਗਰੀ ਕੋਰਸਾਂ ਦੇ ਪਹਿਲੇ ਸਾਲ ਲਈ ਦਾਖਲੇ ਸ਼ੁਰੂ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਦੇ ਆਧਾਰ ’ਤੇ ਆਉਣ ਵਾਲੇ ਅਕਾਦਮਿਕ ਸੈਸ਼ਨ ਦੌਰਾਨ ਹੋਰ ਕਿੱਤਾਮੁਖੀ ਕੋਰਸ ਵੀ ਸ਼ੁਰੂ ਕਰਵਾਏ ਜਾਣਗੇ।
ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਕਾਲਜ ਲਈ ਆਧੁਨਿਕ ਇਮਾਰਤ ਤਿਆਰ ਕਰਵਾਈ ਗਈ ਹੈ ਜਿਸ ਵਿੱਚ ਪ੍ਰਬੰਧਕੀ ਬਲਾਕ, ਆਰਟਸ ਤੇ ਸਾਇੰਸ ਸੈਕਸ਼ਨਾਂ ਲਈ ਦੋ ਮੰਜ਼ਲੇ ਕਲਾਸਰੂਮ ਬਲਾਕ, ਕੁੱਲ 17 ਲੈਕਚਰ ਹਾਲ ਤੇ 5 ਲੈਬਜ਼, ਲਾਇਬ੍ਰੇਰੀ ਅਤੇ ਪੜ੍ਹਾਈ ਦੇ ਨਾਲ-ਨਾਲ ਹੋਰ ਕੰਮਾਂ ਲਈ ਮਲਟੀਪਰਪਜ਼ ਹਾਲ ਸ਼ਾਮਲ ਹਨ। ਸ੍ਰੀ ਸਿੰਗਲਾ ਨੇ ਦੱਸਿਆ ਕਿ ਕਾਲਜ ਦੀ ਇਮਾਰਤ ਦੀ ਛੱਤ ’ਤੇ 15 ਕਿਲੋਵਾਟ ਦਾ ਸੋਲਰ ਪਾਵਰ ਸਿਸਟਮ ਵੀ ਲਗਾਇਆ ਗਿਆ ਹੈ ਤਾਂ ਜੋ ਬਿਜਲੀ ਦੇ ਬਿੱਲ ’ਤੇ ਵੀ ਨਿਯੰਤਰਣ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਸਿੰਘ ਬੱਤਰਾ, ਕਾਲਜ ਪ੍ਰਿੰਸੀਪਲ ਸੁਖਬੀਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਿਪਨ ਬਾਂਸਲ, ਚੇਅਰਮੈਨ ਜ਼ਿਲਾ ਪ੍ਰੀਸ਼ਦ ਜਸਵੀਰ ਕੌਰ, ਸਰਪੰਚ ਪੱਪੂ ਰੋਸ਼ਨਵਾਲਾ, ਚੇਅਰਮੈਨ ਪਰਦੀਪ ਕੱਦ, ਵਾਇਸ ਚੇਅਰਮੈਨ ਹਰੀ ਸਿੰਘ ਫੱਗੂਵਾਲਾ, ਚੇਅਰਮੈਨ ਵਰਿੰਦਰ ਪੰਨਵਾ, ਰਣਜੀਤ ਸਿੰਘ ਤੂਰ, ਵਾਈਸ ਚੇਅਰਮੈਨ ਬਲਜੀਤ ਕੌਰ, ਬਲਵਿੰਦਰ ਸਿੰਘ ਘਾਬਦੀਆ, ਵਰਿੰਦਰ ਮਿੱਤਲ ਤੇ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਤੇ ਕਾਂਗਰਸੀ ਵਰਕਰ ਹਾਜ਼ਰ ਸਨ।
ਇਸੇ ਤਰ੍ਹਾਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਅੱਜ ਘਰਾਚੋਂ ਵਿੱਚ 75 ਲੱਖ ਰੁਪਏ ਦੀ ਲਾਗਤ ਨਾਲ 2 ਏਕੜ ਰਕਬੇ ਵਿੱਚ ਤਿਆਰ ਕੀਤੇ ਗਏ ਖੇਡ ਪਾਰਕ ਨੂੰ ਪਿੰਡ ਵਾਸੀਆਂ ਨੂੰ ਅਰਪਿਤ ਕੀਤਾ। ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸੰਗਰੂਰ ਦੇ ਪਿੰਡਾਂ ’ਚ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਵਚਨਬੱਧ ਹਨ ਤੇ ਇਸੇ ਕਵਾਇਦ ਤਹਿਤ ਹਲਕੇ ’ਚ ਮਿਆਰੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਘਰਾਚੋਂ ਵਿਖੇ ਤਿਆਰ ਕਰਵਾਏ ਗਏ ਖੇਡ ਪਾਰਕ ’ਚ ਵਾਲੀਬਾਲ ਤੇ ਬਾਸਕਟਬਾਲ ਕੋਰਟ, ਟਰੈਕ ਅਤੇ ਬੱਚਿਆਂ ਦੇ ਖੇਡਣ ਲਈ ਵੱਖਰੇ ਕੋਨੇ ਤੋਂ ਇਲਾਵਾ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਮੰਤਰੀ ਦਾ ਘਿਰਾਓ ਕਰਨ ਆਏ ਬੇਰੁਜ਼ਗਾਰ ਹਿਰਾਸਤ ਵਿੱਚ ਲਏ
ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਪਿਛਲੇ ਸਾਢੇ ਸੱਤ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਬੇਰੁਜ਼ਗਾਰ ਲਗਾਤਾਰ ਸਿੱਖਿਆ ਮੰਤਰੀ ਦੀ ਪੈੜ ਨੱਪਦੇ ਆ ਰਹੇ ਹਨ। ਅਨੇਕਾਂ ਵਾਰ ਵਾਂਗ ਅੱਜ ਫੇਰ ਇੱਥੋਂ ਨੇੜਲੇ ਪਿੰਡ ਰੋਸ਼ਨਵਾਲਾ ਵਿੱਚ ਡਿਗਰੀ ਕਾਲਜ ਦਾ ਉਦਘਾਟਨ ਕਰਨ ਪਹੁੰਚੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਆਮਦ ਤੋਂ ਪਹਿਲਾਂ ਹੀ ਬੇਰੁਜ਼ਗਾਰ ਆ ਧਮਕੇ। ਪੁਲੀਸ ਪ੍ਰਸ਼ਾਸਨ ਨੂੰ ਭਿਣਕ ਲੱਗਣ ’ਤੇ ਹੱਥਾਂ-ਪੈਰਾਂ ਦੀ ਪੈ ਗਈ। ਉਧਰ ਉਸੇ ਵਕਤ ਹੀ ਸਿੱਖਿਆ ਮੰਤਰੀ ਆ ਪਹੁੰਚੇ। ਬੇਰੁਜ਼ਗਾਰਾਂ ਨੇ ਮੰਤਰੀ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਤੁਰੰਤ ਹਰਕਤ ਵਿੱਚ ਆਈ ਪੁਲੀਸ ਨੇ ਬੇਰੁਜ਼ਗਾਰ ਗਗਨਦੀਪ ਕੌਰ, ਅਮਨ ਸੇਖਾ, ਪ੍ਰੀਤ ਇੰਦਰ ਕੌਰ, ਪ੍ਰਿਤਪਾਲ ਕੌਰ, ਕੁਲਵੰਤ ਸਿੰਘ ਲੌਂਗੋਵਾਲ, ਮਨਪ੍ਰੀਤ ਕੌਰ ਅਤੇ ਲਖਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਥਾਣੇ ’ਚ ਡੱਕ ਦਿੱਤਾ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਜਦੋਂ ਤੱਕ ਕਾਂਗਰਸ ਸਰਕਾਰ ਬੇਰੁਜ਼ਗਾਰਾਂ ਨਾਲ ਘਰ ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਨਹੀਂ ਕਰਦੀ, ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਥਾਣਾ ਮੁਖੀ ਭਵਾਨੀਗੜ੍ਹ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੁਲੀਸ ਵੱਲੋਂ ਇਹਤਿਆਤ ਵਜੋਂ ਬੇਰੁਜ਼ਗਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।