ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਅਗਸਤ
‘ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਦੀ ਵਾਗਡੋਰ ਸੰਭਾਲਦਿਆਂ ਹੀ ਰਿਸ਼ਵਤਖੋਰੀ ਨੂੰ ਕਾਮਯਾਬੀ ਨਾਲ ਨੱਥ ਪਾਈ ਗਈ ਹੈ। ਸਰਕਾਰ ਨੇ ਭ੍ਰਿਸ਼ਟਾਚਾਰ ਰੋਕਣ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਲੋਕਾਂ ਦੇ ਕੰਮਾਂ ਲਈ ਕੁਸ਼ਲ ਤੇ ਜਵਾਬਦੇਹ ਵੀ ਬਣਾਇਆ ਹੈ।’ ਇਹ ਸ਼ਬਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸੰਗਰੂਰ ਪਹੁੰਚਣ ਮੌਕੇ ਆਖੇ ਜਿੱਥੇ ਉਨ੍ਹਾਂ ਨੂੰ ਜ਼ਿਲ੍ਹਾ ਪੁਲੀਸ ਦੀ ਇੱਕ ਟੁਕੜੀ ਵੱਲੋਂ ਸਲਾਮੀ ਵੀ ਦਿੱਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਦਫ਼ਤਰਾਂ ’ਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਖੱਜਲ-ਖੁਆਰ ਨਾ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਵੀ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਪਹਿਲਾਂ ਹੋਈਆਂ ਬੇਨਿਯਮੀਆਂ ਦੀ ਜਾਂਚ ਕਰਵਾਈ ਜਾਵੇਗੀ ਤੇ ਮੌਜੂਦਾ ਸਮੇਂ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਮੀਟਿੰਗ ਦੌਰਾਨ ਸ੍ਰੀ ਨਿੱਜਰ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਾਜਾਇਜ਼ ਇਮਾਰਤਾਂ ਦੀ ਉਸਾਰੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਤੇ ਬਗੈਰ ਨਕਸ਼ੇ ਤੋਂ ਕਿਸੇ ਨੂੰ ਵੀ ਕੋਈ ਉਸਾਰੀ ਕਰਨ ਨਾ ਦਿੱਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਵੀ ਸੁਣੀਆਂ ਤੇ ਇਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੇ ਨਾਲ ਕਰਮਚਾਰੀ ਵੀ ਆਪਣੀ ਕਾਰਜਪ੍ਰਣਾਲੀ ’ਚ ਸੁਧਾਰ ਲਿਆਉਣ। ਉਨ੍ਹਾਂ ਸੀਵਰੇਜ ਟਰੀਟਮੈਂਟ ਪਲਾਂਟ ਪੂਰੀ ਸਮਰੱਥਾ ਨਾਲ ਨਿਰਧਾਰਤ ਸਮੇਂ ਤੱਕ ਮੁਕੰਮਲ ਕਰ ਕੇ ਚਾਲੂ ਕਰਨ ਦੇ ਨਾਲ-ਨਾਲ ਪੂਰੇ ਸੀਵਰੇਜ ਸਿਸਟਮ ਨੂੰ ਸਹੀ ਢੰਗ ਨਾਲ ਚਾਲੂ ਰੱਖਣ ਦੀ ਵੀ ਹਦਾਇਤ ਕੀਤੀ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ, ਪਾਰਟੀ ਆਗੂ ਮਹਿੰਦਰ ਸਿੰਘ ਸਿੱਧੂ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।
ਕੈਬਨਿਟ ਮੰਤਰੀ ਵੱਲੋਂ ਭਾਈ ਵਡਾਲਾ ਨਾਲ ਫੋਨ ’ਤੇ ਗੱਲਬਾਤ
ਸੰਗਰੂਰ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਹੋਏ ਪਾਵਨ ਸਰੂਪਾਂ ਦੇ ਮਾਮਲੇ ’ਚ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਾਉਣ ਲਈ ਸਿੱਖ ਸਦਭਾਵਨਾ ਦਲ ਦੀ ਅਗਵਾਈ ਹੇਠ ਸਿੱਖ ਸੰਗਤ ਤੋਂ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਲਗਾਇਆ ਪੱਕਾ ਮੋਰਚਾ ਪੰਜਵੇਂ ਦਿਨ ਵੀ ਜਾਰੀ ਰਿਹਾ। ਭਾਵੇਂ ਅੱਜ ਸ਼ਹਿਰ ’ਚ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਪੁੱਜੇ ਸਨ ਜਿਨ੍ਹਾਂ ਬਾਰੇ ਸਿੱਖ ਸੰਗਤ ਨੂੰ ਉਮੀਦ ਸੀ ਕਿ ਉਹ ਪੱਕੇ ਮੋਰਚੇ ਵਿੱਚ ਜ਼ਰੂਰ ਪੁੱਜਣਗੇ ਪਰ ਉਹ ਨਹੀਂ ਪੁੱਜੇ ਪਰ ਉਨ੍ਹਾਂ ਪੱਕੇ ਮੋਰਚੇ ਦੀ ਅਗਵਾਈ ਕਰ ਰਹੇ ਭਾਈ ਬਲਦੇਵ ਸਿੰਘ ਵਡਾਲਾ ਨਾਲ ਫੋਨ ’ਤੇ ਗੱਲਬਾਤ ਜ਼ਰੂਰ ਕੀਤੀ ਗਈ। ਦੂਜੇ ਪਾਸੇ, ਮੁੱਖ ਮੰਤਰੀ ਦੀ ਕੋਠੀ ਅੱਗੇ ਧਾਰਮਿਕ ਰੰਗ ਵਿੱਚ ਰੰਗੇ ਪੱਕੇ ਮੋਰਚੇ ’ਚ ਸਿੱਖ ਸੰਗਤ ਦਿਨ-ਰਾਤ ਡਟੀ ਹੋਈ ਹੈ। ਸਿੱਖ ਸਦਭਾਵਨਾ ਦਲ ਦੇ ਜ਼ਿਲ੍ਹਾ ਕਨਵੀਨਰ ਭਾਈ ਬਚਿੱਤਰ ਸਿੰਘ ਨੇ ਦੱਸਿਆ ਕਿ ਸਿੱਖ ਸੰਗਤ ਨੂੰ ਉਮੀਦ ਸੀ ਕਿ ਸ਼ਹਿਰ ’ਚ ਪੁੱਜੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਜ਼ਰੂਰ ਪੁੱਜਣਗੇ ਅਤੇ ਸੰਗਤ ਉਨ੍ਹਾਂ ਨੂੰ ਮੁੱਖ ਸੜਕ ’ਤੇ ਖੜ੍ਹੀ ਉਡੀਕਦੀ ਵੀ ਰਹੀ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਵੱਲੋਂ ਭਾਈ ਵਡਾਲਾ ਨਾਲ ਫੋਨ ’ਤੇ ਮਸਲੇ ਬਾਰੇ ਜ਼ਰੂਰ ਗੱਲਬਾਤ ਕੀਤੀ ਗਈ ਹੈ। ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਮੋਰਚਾ ਜਾਰੀ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਾਪਤਾ ਜਾਂ ਚੋਰੀ ਕਰਨ ਵਾਲੇ ਕਥਿਤ ਦੋਸ਼ੀਆਂ ਖ਼ਿਲਾਫ਼ ਸਖਤ ਧਾਰਾਵਾਂ ਤਹਿਤ ਪੁਲੀਸ ਕੇਸ ਦਰਜ ਕਰ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। -ਨਿੱਜੀ ਪੱਤਰ ਪ੍ਰੇਰਕ