ਪੱਤਰ ਪ੍ਰੇਰਕ
ਡਕਾਲਾ, 25 ਜੁਲਾਈ
ਸਥਾਨਕ ਡਕਾਲਾ ਵਿਚ ਪਿੰਡ ਦੇ ਹੀ ਭੇਤੀ ਚੋਰਾਂ ਵੱਲੋਂ ਰਾਤ ਨੂੰ ਇੱਕ ਘਰ ’ਚ ਵੜ ਕੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ| ਪਸਿਆਣਾ ਪੁਲੀਸ ਥਾਣੇ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ| ਵੇਰਵਿਆਂ ਮੁਤਾਬਿਕ ਹਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੋਪੀ ਪੱਤੀ ਡਕਾਲਾ ਆਪਣੇ ਪਰਿਵਾਰ ਸਮੇਤ ਇੱਕ ਰਾਤ ਲਈ ਰਿਸ਼ਤੇਦਾਰੀ ’ਚ ਮਿਲਣ ਗਿਆ ਹੋਇਆ ਸੀ ਤਾਂ ਪਿੱਛੋਂ 23 ਤੇ 24 ਜੁਲਾਈ ਦੀ ਦਰਮਿਆਨੀ ਰਾਤ ਨੂੰ ਚੋਰਾਂ ਦੇ ਇੱਕ ਗਰੋਹ ਵੱਲੋਂ ਉਸ ਘਰ ’ਚ ਰੋਸ਼ਨਦਾਨ ਤੋੜ ਕੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ| ਡਕਾਲਾ ਪੁਲੀਸ ਚੌਂਕੀ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਘਟਨਾ ’ਚ ਚੋਰਾਂ ਵੱਲੋਂ ਸੋਨੇ ਦੀ ਦੋ ਤੋਲੇ ਦੀ ਇੱਕ ਚੂੜੀ, ਇੱਕ ਤੋਲੇ ਦੀ ਇੱਕ ਛਾਪ ਤੇ ਨੱਤੀਆਂ ਜਦੋਂ ਕਿ ਪੰਜ ਤੋਲੇ ਦੀਆਂ ਚਾਂਦੀ ਦੀਆਂ ਝਾਂਜਰਾ ਆਦਿ ਚੋਰੀ ਕਰ ਲਈਆਂ।