ਪੱਤਰ ਪ੍ਰੇਰਕ
ਭਵਾਨੀਗੜ੍ਹ, 21 ਸਤੰਬਰ
ਇੱਥੇ ਅੱਜ ਕੂਲ ਬ੍ਰੀਜ ਹੋਟਲ ਵਿੱਚ ਜੀਓਜੀ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ਼ ਮੀਟਿੰਗ ਕੀਤੀ ਗਈ। ਇਸ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪਟਿਆਲਾ ਦੇ ਜੀਓਜੀ ਪਹੁੰਚੇ ਹੋਏ ਸਨ। ਮੀਟਿੰਗ ਨੂੰ ਜ਼ਿਲ੍ਹਾ ਪਟਿਆਲਾ ਦੇ ਇੰਚਾਰਜ ਅਤੇ ਸਾਬਕਾ ਬ੍ਰਿਗੇਡੀਅਰ ਡੀਐੱਸ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੌਰਾਨ ਉਨ੍ਹਾਂ ਨੂੰ 2017-18 ਵਿਚ ਭਰਤੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜੀਓਜੀ ਵੱਲੋਂ ਪੰਚਾਇਤਾਂ ਵੱਲੋਂ ਕੀਤੇ ਜਾਂਦੇ ਘਪਲਿਆਂ ਦੀਆਂ ਰਿਪੋਰਟਾਂ ਤਿਆਰ ਕਰਕੇ ਸਰਕਾਰ ਨੂੰ ਭੇਜੀਆਂ ਗਈਆਂ ਸਨ। ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਲਗਾਈਆਂ ਧਨਾਢਾਂ ਦੀਆਂ ਨਾਜਾਇਜ਼ ਪੈਨਸ਼ਨਾਂ, ਆਟਾ ਦਾਲ ਸਕੀਮ ਤਹਿਤ ਬਣਾਏ ਗਏ ਕਾਰਡ ਬੰਦ ਕਰਵਾਏ ਅਤੇ ਲੋੜਵੰਦ ਲੋਕਾਂ ਨੂੰ ਕਾਰਡ ਬਣਵਾ ਕੇ ਦਿੱਤੇ ਗਏ। ਇਸੇ ਤਰ੍ਹਾਂ ਲੋੜਵੰਦ ਵਿਧਵਾ ਔਰਤਾਂ ਦੀਆਂ ਪੈਨਸ਼ਨਾਂ, ਬੁਢਾਪਾ ਪੈਨਸ਼ਨਾਂ ਲਗਵਾਉਣ ਵਿੱਚ ਅਹਿਮ ਰੋਲ ਨਿਭਾਏ ਗਏ। ਸਾਬਕਾ ਬ੍ਰਿਗੇਡੀਅਰ ਗਰੇਵਾਲ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਨ੍ਹਾਂ ਨੂੰ ਵਿਹਲੜ ਕਹਿ ਕੇ ਹਟਾ ਦਿੱਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਰਖਾਸਤ ਕੀਤੇ ਗਏ ਜੀਓਜੀ ਵਰਕਰਾਂ ਦੀ ਨੌਕਰੀ ਬਹਾਲ ਕੀਤੀ ਜਾਵੇ। ਇਸ ਮੌਕੇ ਬਲਦੇਵ ਸਿੰਘ ਤਹਿਸੀਲ ਹੈੱਡ, ਜੇ ਬੀ ਸਿੰਘ, ਹਰਚਰਨ ਸਿੰਘ ਰਾਜਪੁਰਾ, ਰੁਪਿੰਦਰ ਸੇਖੋਂ ਪਾਤੜਾ,ਐੱਮਐੱਸ ਸਿੱਧੂ, ਕੁਲਵਰਨ ਸਿੰਘ ਸਮਾਣਾ, ਸੁਖਵਿੰਦਰ ਸਿੰਘ ਹਾਜ਼ਰ ਸਨ।