ਬੀਰਬਲ ਰਿਸ਼ੀ
ਸ਼ੇਰਪੁਰ, 21 ਜੁਲਾਈ
ਤੇਜ਼ ਮੀਂਹ ਨਾਲ ਜਿੱਥੇ ਪਾਣੀ ਨਾਲ ਭਰੀ ਝੋਨੇ ਦੀ ਫਸਲ ਤੋਂ ਕਿਸਾਨ ਚਿੰਤਤ ਹਨ, ਉੱਥੇ ਪਿੰਡ ਘਨੌਰੀ ਕਲਾਂ ਦੀ ਸੂਰਾਪੱਤੀ ’ਚ ਲੋਕਾਂ ਦੇ ਘਰਾਂ ਵਿੱਚ ਵੜ੍ਹੇ ਪਾਣੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਘਰਾਂ ਦੇ ਕਮਰਿਆਂ ਅੰਦਰ ਆਏ ਪਾਣੀ ਨੂੰ ਬਾਹਰ ਕੱਢਣ ਲਈ ਹਾਲੋਂ-ਬੇਹਾਲ ਪਰਿਵਾਰਾਂ ਨੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟਾਇਆ।
ਇਸ ਸਬੰਧ ਵਿੱਚ ਸੇਵਾ-ਮੁਕਤ ਪੁਲੀਸ ਅਧਿਕਾਰੀ ਮਹਿੰਦਰ ਸਿੰਘ ਅਤੇ ਕਿਸਾਨ ਆਗੂ ਬਲਜੀਤ ਸਿੰਘ ਨੇ ਦੱਸਿਆ ਕਿ ਸ਼ੇਰਪੁਰ-ਧੂਰੀ ਸੜਕ ਤੋਂ ਘਨੌਰੀ ਕਲਾਂ ਦੇ ਸੂਰਾਪੱਤੀ ਦੇ ਮੁੱਖ ਰਸਤੇ ’ਤੇ ਬਣੇ ਉਨ੍ਹਾਂ ਦੇ ਘਰ ਦੇ ਕਮਰਿਆਂ ਵਿੱਚ ਪਾਣੀ ਵੜ ਗਿਆ ਜਿਸ ਦੀ ਨਿਕਾਸੀ ਲਈ ਕਈ ਘੰਟੇ ਮੁਸ਼ੱਕਤ ਕਰਨੀ ਪਈ। ਉਨ੍ਹਾਂ ਦੱਸਿਆ ਕਿ ਨੰਬਰਦਾਰ ਦਲਵਾਰਾ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਮੰਗੂ ਸਿੰਘ ਦੇ ਘਰ ਵੀ ਪਾਣੀ ਦੀ ਮਾਰ ਹੇਠ ਆ ਗਏ। ਉਨ੍ਹਾਂ ਨੇ ਦੋਸ਼ ਲਾਇਆ ਕਿ ਪਿੰਡ ਦੇ ਵਾਟਰ ਟਰੀਟਮੈਂਟ ਵੱਲ ਪਾਣੀ ਨਹੀਂ ਜਾ ਰਿਹਾ ਅਤੇ ਪਾਣੀ ਦੀ ਨਿਕਾਸੀ ਲਈ ਲਗਾਈ ਗਈ ਸਾਈਫ਼ਨ ਵੀ ਬੰਦ ਹੈ। ਉਨ੍ਹਾਂ ਦੱਸਿਆ ਕਿ 11 ਲੱਖ ਦੀ ਲਾਗਤ ਨਾਲ ਵਾਟਰ ਟਰੀਟਮੈਂਟ ਤੋਂ ਅੱਗੇ ਪਾਈਆਂ ਭੜੋਲੀਆਂ ਵੀ ਚਿੱਟਾ ਹਾਥੀ ਬਣ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਸਾਰਾ ਮਾਮਲਾ ਪੰਚਾਇਤ ਵਿਭਾਗ ਦੇ ਧਿਆਨ ਵਿੱਚ ਹੈ ਪਰ ਠੋਸ ਕਾਰਵਾਈ ਨਹੀਂ ਹੋਈ। ਸਰਪੰਚ ਗੁਰਜੰਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਸ਼ਾਸਨ ਦੇ ਕਈ ਵਾਰ ਧਿਆਨ ਵਿੱਚ ਲਿਆਂਦਾ ਹੈ ਪਰ ਕਾਰਵਾਈ ਨਹੀਂ ਹੋਈ।
ਇਸੇ ਦੌਰਾਨ ਬੀਡੀਪੀਓ ਜੁਗਰਾਜ ਸਿੰਘ ਗੁੰਮਟੀ ਨੇ ਕਿਹਾ ਕਿ ਇਹ ਮਾਮਲਾ ਹੁਣੇ ਹੀ ਧਿਆਨ ਵਿੱਚ ਆਇਆ ਹੈ। ਉਹ ਰਿਪੋਰਟ ਤਲਬ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਉਣਗੇ।
ਕਮਿਸ਼ਨਰ ਨੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ
ਪਟਿਆਲਾ (ਖੇਤਰੀ ਪ੍ਰਤੀਨਿਧ): ਡਵੀਜ਼ਨਲ ਕਮਿਸ਼ਨਰ ਅਰੁਣ ਸੇਖੜੀ ਨੇ ਅੱਜ ਪਟਿਆਲਾ ਮੰਡਲ ਅਧੀਨ ਆਉਂਦੇ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਇੱਥੇ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ। ਮੀਟਿੰਗ ਵਿੱਚ ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ, ਲੁਧਿਆਣਾ ਦੀ ਡੀਸੀ ਸੁਰਭੀ ਮਲਿਕ ਅਤੇ ਫ਼ਤਹਿਗੜ੍ਹ ਸਾਹਿਬ ਦੀ ਡੀਸੀ ਪਰਨੀਤ ਸ਼ੇਰਗਿੱਲ ਸ਼ਾਮਲ ਹੋਏ। ਇਸ ਮੌਕੇ ਮੌਨਸੂਨ ਸੀਜ਼ਨ ਦੌਰਾਨ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰਾਂ ਨੇ ਆਪੋ-ਆਪਣੇ ਜ਼ਿਲ੍ਹਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ, ਉਨ੍ਹਾਂ ਨੇ ਮੀਂਹ ਦੇ ਪਾਣੀ ਦੀ ਨਿਕਾਸੀ ਸਮੇਤ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਕੀਤੀਆਂ ਤਿਆਰੀਆਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਬਰਸਾਤੀ ਸੀਜ਼ਨ ਦੌਰਾਨ ਹਰ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਡਵੀਜਨਲ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਤੇ ਈਸ਼ਾ ਸਿੰਘਲ, ਐੱਸਡੀਐਮਜ਼ ਡਾ. ਇਸਮਤ ਵਿਜੇ ਸਿੰਘ, ਚਰਨਜੀਤ ਸਿੰਘ, ਡਾ. ਸੰਜੀਵ ਕੁਮਾਰ ਅਤੇ ਕੰਨੂ ਗਰਗ ਮੌਜੂਦ ਸਨ।