ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 27 ਅਪਰੈਲ
ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿੱਚ ਇੰਟਰ ਕਾਲਜ (ਲੜਕੇ-ਲੜਕੀਆਂ) ਗਤਕਾ ਚੈਂਪੀਅਨਸ਼ਿਪ ਪ੍ਰਿੰਸੀਪਲ ਡਾ. ਗੀਤਾ ਠਾਕੁਰ ਦੀ ਨਿਗਰਾਨੀ ਹੇਠ ਸਟਾਫ਼ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਡਾ. ਦੇਵ ਰਾਜ ਪਟਿਆਲਾ, ਡਾ. ਸੁਖਜੀਤ ਸਿੰਘ ਘੁਮਾਣ ਅਤੇ ਭਾਈ ਸਤਨਾਮ ਸਿੰਘ ਨੇ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਵੱਖ-ਵੱਖ ਕਾਲਜਾਂ ਤੋਂ ਲੜਕਿਆਂ ਅਤੇ ਲੜਕੀਆਂ ਦੀਆਂ 16 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਪ੍ਰੋ. ਅਵਤਾਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਹੋਏ ਵੱਖ-ਵੱਖ ਟੀਮਾਂ ਦੇ ਗੱਤਕੇ ਦੇ ਮੁਕਾਬਲਿਆਂ ਦੌਰਾਨ ਲੜਕੀਆਂ ਵਿੱਚ ਐੱਮ ਐੱਮ ਮੋਦੀ ਕਾਲਜ ਪਟਿਆਲਾ ਨੇ ਪਹਿਲਾ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਨੇ ਦੂਸਰਾ ਅਤੇ ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਲੜਕਿਆਂ ਦੇ ਗੱਤਕਾ ਮੁਕਾਬਲਿਆਂ ਦੌਰਾਨ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪਹਿਲਾ ਐੱਮਐੱਮ ਮੋਦੀ ਕਾਲਜ ਪਟਿਆਲਾ ਨੇ ਦੂਸਰਾ ਅਤੇ ਐੱਮ ਜੀ ਕਾਲਜ ਫ਼ਤਹਿਗੜ੍ਹ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਕੀਤੀ ਗਈ। ਇਸ ਮੌਕੇ ਕੋਚ ਅਵਤਾਰ ਸਿੰਘ, ਡਾ. ਦੇਵ ਰਾਜ ਅੱਤਰੀ, ਪ੍ਰੋ. ਨਿਸ਼ਾਨ ਸਿੰਘ ਮੋਦੀ ਕਾਲਜ ਪਟਿਆਲਾ, ਸੁਮਿੰਦਰ ਸਿੰਘ, ਨਿਰਮਲ ਸਿੰਘ, ਸੋਹਨਦੀਪ ਸਿੰਘ ਜੁਗਨੂੰ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।