ਬੀਰਬਲ ਰਿਸ਼ੀ
ਸ਼ੇਰਪੁਰ, 23 ਅਪਰੈਲ
ਮਾਰਕੀਟ ਕਮੇਟੀ ਸ਼ੇਰਪੁਰ ਦੇ ਖ਼ਰੀਦ ਕੇਂਦਰ ਕਾਤਰੋਂ ਵਿਖੇ ਤਕਰੀਬਨ ਪੰਜਾਹ ਹਜ਼ਾਰ ਗੱਟੇ ਦੀ ਲਿਫ਼ਟਿੰਗ ਨਾ ਹੋਣ ਤੋਂ ਪ੍ਰੇਸ਼ਾਨ ਆੜਤੀਆਂ ਨੇ ਅੱਜ ਇਕੱਤਰਤਾ ਕਰਕੇ ਆ ਰਹੀਆਂ ਸਮੱਸਿਆਵਾਂ ‘ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਬਹਾਦਰ ਸਿੰਘ ਬਾਗੜੀ, ਚੇਤਨ ਗੋਇਲ ਸੋਨੀ, ਤਰਿਸ਼ਨ ਸਿੰਘ, ਗੁਰਮੇਲ ਸਿੰਘ, ਸੁਖਦੇਵ ਸਿੰਘ, ਦੀਪੂ, ਬਲਵੀਰ ਸਿੰਘ, ਸੋਮਨਾਥ, ਕ੍ਰਿਸ਼ਨ ਲਾਲ, ਗੁਰਮੁਖ ਚਾਂਗਲੀ, ਗੁਰਪਾਲ ਸਿੰਘ ਤੇ ਪਲਵਿੰਦਰ ਸਿੰਘ ਨੇ ਕਿਹਾ ਕਿ ਲਿਫ਼ਟਿੰਗ ਨਾ ਹੋਣ ’ਤੇ ਮਾਲ ਦੇ ਘਟੇ ਭਾਰ ਲਈ ਆੜ੍ਹਤੀਏ ਜ਼ਿੰਮੇਵਾਰ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਲਿਫਟਿੰਗ ਦੀ ਰਫ਼ਤਾਰ ਹੌਲੀ ਹੋਣ ਕਰਕੇ ਇਸ ਵਾਰ ਮੰਡੀ ਦਾ ਪਹਿਲਾਂ ਦੇ ਮੁਕਾਬਲਤਨ ਬਹੁਤਾ ਮਾਲ ਬਾਹਰ ਚਲਿਆ ਗਿਆ ਜਿਸ ਨਾਲ ਆੜ੍ਹਤੀਆਂ ਤੇ ਲੇਬਰ ਨੂੰ ਭਾਰੀ ਨੁਕਸ਼ਾਨ ਪਹੁੰਚਿਆਂ। ਉਨ੍ਹਾਂ ਕਿਹਾ ਕਿ ਮਸਲਾ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਉਧਰ ਪਨਗਰੇਨ ਦੇ ਇੰਸਪੈਕਟਰ ਵਿਕਾਸ ਜਿੰਦਲ ਨੇ ਦੱਸਿਆ ਕਿ ਐਫਸੀਆਈ ਅਧੀਨ ਜੀਜੇ ਓਪਨ ਪਲੈਂਥ ਮਾਲੇਰਕੋਟਲਾ ਵਿੱਚ ਇਸ ਮੰਡੀ ਦਾ ਮਾਲ ਲਗਦਾ ਹੈ ਜਿੱਥੇ ਲੇਬਰ ਘੱਟ ਹੈ, ਹਰ ਰੋਜ਼ ਸਪੈਸ਼ਲਾਂ ਲੱਗ ਰਹੀਆਂ ਹਨ, ਮਾਲ ਲੱਗਣ ਵਿੱਚ ਦੇਰੀ ਦਾ ਵੱਡਾ ਕਾਰਨ ਹੈ। ਉਂਜ ਉਨ੍ਹਾਂ ਨਿਰੀਖਕ ਪਨਗਰੇਨ ਮਾਲੇਰਕੋਟਲਾ ਨੂੰ ਪੱਤਰ ਲਿਖ ਕੇ ਕਾਤਰੋਂ ਮੰਡੀ ਦੀ ਮੌਜੂਦਾ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ ਹੈ।