ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 18 ਮਈ
ਬਲਾਕ ਸਮਿਤੀ ਭਵਾਨੀਗੜ੍ਹ ਦੇ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਉਸ ਨੂੰ ਚੇਅਰਮੈਨ ਦੇ ਅਹੁਦੇ ਤੋਂ ਅਸਤੀਫੇ ਦੇਣ ਲਈ ਪੁਲੀਸ ਪ੍ਰਸ਼ਾਸਨ ਦਾ ਦਬਾਅ ਪਾ ਰਹੀ ਹੈ ਅਤੇ ਇਸੇ ਦਬਾਅ ਤਹਿਤ ਉਸ ਦੇ ਛੋਟੇ ਪੁੱਤਰ ਕੁਲਜੀਤ ਸਿੰਘ ਨੂੰ ਪੁਰਾਣੇ ਪੁਲੀਸ ਕੇਸ ਵਿਚ ਉਲਝਾਇਆ ਗਿਆ ਹੈ।
ਕਾਂਗਰਸੀ ਆਗੂ ਵਰਿੰਦਰ ਕੁਮਾਰ ਪੰਨਵਾਂ ਨੇ ਅੱਜ ਆਪਣੇ ਪਿੰਡ ਪੰਨਵਾਂ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਸ ਉਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਵੱਲੋਂ ਕਥਿਤ ਬਲਾਕ ਸੰਮਤੀ ਭਵਾਨੀਗੜ੍ਹ ਦੀ ਚੇਅਰਮੈਨੀ ਤੋਂ ਅਸਤੀਫਾ ਦੇਣ ਲਈ ਦਬਾਅ ਪਾਇਆ ਗਿਆ। ਜਦੋਂ ਉਸ ਨੇ ਅਸਤੀਫਾ ਦੇਣ ਤੋਂ ਜਵਾਬ ਦੇ ਦਿੱਤਾ ਤਾਂ ਸੰਗਰੂਰ ਪੁਲੀਸ ਨੇ ਉਸ ਦੇ ਛੋਟੇ ਪੁੱਤਰ ਨੂੰ ਚੁੱਕ ਲਿਆ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਹਨ ਅਤੇ ਕਿਸੇ ਦਬਾਅ ਹੇਠ ਆ ਕੇ ਅਸਤੀਫਾ ਨਹੀਂ ਦੇਣਗੇ। ਇਸ ਮੌਕੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ, ਸੰਜੂ ਵਰਮਾ, ਗੁਰਤੇਜ ਸਿੰਘ ਤੇਜੀ, ਇਕਬਾਲ ਸਿੰਘ ਤੂਰ ਸਮੇਤ ਪਿੰਡ ਵਾਸੀ ਹਾਜ਼ਰ ਸਨ।
ਇਸੇ ਦੌਰਾਨ ਸੰਗਰੂਰ ਪੁਲੀਸ ਨੇ ਦੱਸਿਆ ਕਿ ਕੁਲਜੀਤ ਸਿੰਘ ਖਿਲਾਫ ਕੇਸ ਦਰਜ ਹੋਇਆ ਸੀ, ਜੋ ਕਿ ਅਦਾਲਤ ਦੇ ਪੜਤਾਲ ਅਧੀਨ ਪੁਲੀਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।