ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 31 ਮਈ
ਇੱਥੇ ਸ਼ਹਿਰ ਦੇ ਗਾਂਧੀਨਗਰ ਵਿਖੇ ਕੂੜਾ ਕਰਕਟ ਦੇ ਢੇਰ ਦੀ ਬਦਬੂ ਤੋਂ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਵੱਲੋਂ ਸਰਕਾਰ ਅਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੁਹੱਲਾ ਵਾਸੀ ਰਾਜ ਕੁਮਾਰ, ਮਨਜੀਤ ਸਿੰਘ, ਬਿਕਰਮਜੀਤ ਸਿੰਘ, ਕੁਮਾਰ ਗੌਰਵ, ਬਲਜੀਤ ਸਿੰਘ, ਬਿੱਟੂ ਰਾਮ ਅਤੇ ਰਿੰਕੂ ਰਾਮ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਵਾਰਡ ਦੇ ਕੂੜਾ ਕਰਕਟ ਲਈ ਕੋਈ ਡੰਪ ਵਗੈਰਾ ਨਹੀ ਬਣਾਇਆ ਹੋਇਆ, ਜਿਸ ਕਾਰਨ ਲੋਕ ਆਪਣੇ ਘਰਾਂ ਦਾ ਕੂੜਾ ਇੱਥੇ ਖਾਲੀ ਥਾਂ ਸੁੱਟ ਦਿੰਦੇ ਹਨ। ਉੁਨ੍ਹਾਂ ਪ੍ਰਗਟਾਉਂਦਿਆਂ ਕਿਹਾ ਕਿ ਇਸ ਕੂੜੇ ਨੂੰ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਰੋਜ਼ਾਨਾ ਨਾ ਚੁੱਕਣ ਕਾਰਨ ਇਸ ਗੰਦਗੀ ਦੇ ਢੇਰ ਵਿਚੋਂ ਸਾਰੇ ਘਰਾਂ ਵਿੱਚ ਬਦਬੂ ਫੈਲ ਜਾਂਦੀ ਹੈ ਅਤੇ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ। ਉੁਨ੍ਹਾਂ ਮੰਗ ਕੀਤੀ ਕਿ ਇੱਥੋਂ ਕੂੜੇ ਨੂੰ ਚੁੱਕਣ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਵਾਰਡ ਦੇ ਐੱਮਸੀ ਸੰਜੀਵ ਕੁਮਾਰ ਲਾਲਕਾ ਨੇ ਦੱਸਿਆ ਕਿ ਮੁਹੱਲਾ ਵਾਸੀਆਂ ਦੀ ਇਸ ਮੁਸ਼ਕਲ ਨੂੰ ਜਲਦੀ ਹੱਲ ਕੀਤਾ ਜਾਵੇਗਾ।