ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 31 ਅਗਸਤ
ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਭਲਕੇ ਪਹਿਲੀ ਸਤੰਬਰ ਤੋਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸ਼ੁਰੂ ਹੋਣ ਵਾਲੇ ਖੇਡ ਮੁਕਾਬਲੇ ਵੱਖ-ਵੱਖ ਬਲਾਕਾਂ ਅਧੀਨ ਆਉਂਦੇ 19 ਖੇਡ ਸਟੇਡੀਅਮਾਂ ਵਿੱਚ ਕਰਵਾਏ ਜਾਣਗੇ। ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਖਿਡਾਰੀਆਂ ਦੀ ਸੁਵਿਧਾ ਲਈ ਹੈਲਪਡੈਸਕ ਸਥਾਪਤ ਕਰਨ ਦੀ ਹਦਾਇਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ਤਹਿਤ ਬਲਾਕ ਅਨਦਾਣਾ ਅਧੀਨ ਆਉਂਦੇ ਸ਼ਹੀਦ ਊਧਮ ਸਿੰਘ ਸਟੇਡੀਅਮ, ਮੂਨਕ ਵਿੱਚ ਅਥਲੈਟਿਕਸ, ਵਾਲੀਬਾਲ, ਕਬੱਡੀ (ਸਰਕਲ ਸਟਾਈਲ), ਰੱਸਾਕਸ਼ੀ ਦੇ, ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਡੂਡੀਆਂ ਵਿੱਚ ਕਬੱਡੀ (ਨੈਸ਼ਨਲ ਸਟਾਈਲ), ਖੋ-ਖੋ ਤੇ ਫੁਟਬਾਲ ਮੁਕਾਬਲੇ ਹੋਣਗੇ। ਬਲਾਕ ਭਵਾਨੀਗੜ੍ਹ ਅਧੀਨ ਗੁਰੂ ਤੇਗ ਬਹਾਦਰ ਸਟੇਡੀਅਮ, ਭਵਾਨੀਗੜ੍ਹ ਵਿੱਚ ਅਥਲੈਟਿਕਸ, ਰੱਸਾਕਸ਼ੀ ਤੇ ਫੁਟਬਾਲ, ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਰਾਜਪੁਰਾ ਵਿੱਚ ਵਾਲੀਬਾਲ, ਕਬੱਡੀ (ਨੈਸ਼ਨਲ ਸਟਾਈਲ) ਤੇ ਖੋ-ਖੋ ਮੁਕਾਬਲੇ ਹੋਣਗੇ। ਸ.ਸ.ਸ. ਸਮਾਰਟ ਸਕੂਲ ਰਾਮਪੁਰਾ ਵਿੱਚ ਕਬੱਡੀ (ਸਰਕਲ ਸਟਾਈਲ) ਦੇ ਮੁਕਾਬਲੇ ਕਰਵਾਏ ਜਾਣਗੇ।