ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 19 ਨਵੰਬਰ
ਉਭਾਵਾਲ-ਬਡਰੁੱਖਾਂ ਰੋਡ ’ਤੇ ਸਥਿਤ ਗਗਨ ਐਗਰੋ ਐਂਡ ਰਾਈਸ ਐਕਸਪੋਰਟਰਜ ਬਡਰੁੱਖਾਂ ਦੇ ਮਾਲਕਾਂ ਵੱਲੋਂ ਇਲਾਹਾਬਾਦ ਬੈਂਕ ਨਾਭਾ ਤੋਂ ਲਏ ਕਰਜ਼ੇ ਦੀ ਅਦਾਇਗੀ ਸਮੇਂ ਸਿਰ ਨਾ ਕਰਨ ਕਾਰਨ ਬੈਂਕ ਅਧਿਕਾਰੀਆਂ ਵੱਲੋਂ ਹਾਈ ਕੋਰਟ ਦੇ ਹੁਕਮਾਂ ਤਹਿਤ ਸ਼ੈਲਰ ਨੂੰ ਸੀਲ ਕਰ ਦਿੱਤਾ ਗਿਆ ਹੈ। ਸ਼ੈਲਰ ਨੂੰ ਸੀਲ ਕਰਨ ਸਮੇਂ ਐਗਜੈਕਟਿਵ ਮੈਜਿਸਟ੍ਰੇਟ ਕ੍ਰਿਸ਼ਨ ਕੁਮਾਰ ਮਿੱਤਲ ਦੀ ਨਿਗਰਾਨੀ ਹੇਠ ਸੈਮ ਦੇ ਚੀਫ਼ ਮੈਨੇਜਰ ਨਿਸ਼ਾਂਤ ਸ਼ੁਕਲਾ ਦੀ ਅਗਵਾਈ ਵਿੱਚ ਭਾਰੀ ਗਿਣਤੀ ’ਚ ਬੈਂਕ ਦੇ ਅਫ਼ਸਰ ਤੇ ਮੁਲਾਜ਼ਮ ਪੁੱਜੇ ਹੋਏ ਸਨ। ਇਸ ਮੌਕੇ ਪੁਲੀਸ ਵੀ ਵੱਡੀ ਗਿਣਤੀ ’ਚ ਮੌਜੂਦ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਗਗਨ ਐਗਰੋ ਐਂਡ ਰਾਈਸ ਐਕਸਪੋਰਟਰਜ ਬਡਰੁੱਖਾਂ ਦੇ ਮਾਲਕ ਰਮੇਸ਼ ਸਿੰਗਲਾ ਨੇ ਦੱਸਿਆ ਕਿ ਇਸ ਸ਼ੈਲਰ ਨੂੰ ਸ਼ੁਰੂ ਕਰਨ ਸਮੇਂ 2014 ’ਚ ਇਲਾਹਾਬਾਦ ਬੈਂਕ ਨਾਭਾ ਕੋਲੋਂ 14 ਕਰੋੜ 80 ਲੱਖ ਰੁਪਏ ਦਾ ਲੋਨ ਲਿਆ ਗਿਆ ਸੀ ਪਰ ਉਸ ਵੇਲੇ ਵਿਸ਼ਵ ਮੰਡੀ ’ਚ ਬਾਸਮਤੀ ਚਾਵਲ ਦੀਆਂ ਕੀਮਤਾਂ ਘਟ ਜਾਣ ਕਾਰਨ ਭਾਰੀ ਘਾਟੇ ਦਾ ਸ਼ਿਕਾਰ ਹੋਣਾ ਪੈ ਗਿਆ। ਸ਼ੈਲਰ ਦੇ ਮਾਲਕ ਰਮੇਸ਼ ਸਿੰਗਲਾ ਨੇ ਦੱਸਿਆ ਕਿ ਉਸਨੇ ਹੁਣ ਤੱਕ ਬੈਂਕ ਨੂੰ 13 ਕਰੋੜ ਰੁਪਏ ਦੇ ਲਗਪਗ ਕਰਜ਼ਾ ਮੋੜਿਆ ਹੈ। ਉਨ੍ਹਾਂ 2019 ’ਚ ਵੀ ਕਰਜ਼ੇ ਦੀ ਵੱਡੀ ਰਾਸ਼ੀ ਮੋੜ ਦਿੱਤੀ ਸੀ। ਉਨ੍ਹਾਂ ਨੂੰ ਘਾਟਾ ਪੈਣ ਕਾਰਨ ਇਕ ਸਾਲ ਤੋਂ ਕਿਸ਼ਤ ਨਹੀਂ ਭਰੀ ਪਰ ਫਿਰ ਵੀ ਬੈਂਕ ਨਾਲ ਸੈਂਟਲਮੈਂਟ ਕਰਕੇ ਸਾਰਾ ਕਰਜ਼ਾ ਮੋੜਨ ਚਾਹਿਆ। ਪਰ ਬੈਂਕ ਨੇ ਉਸ ਦੀਆਂ ਭਾਵਨਾਵਾਂ ਨਹੀਂ ਸਮਝੀਆਂ।
ਸ਼ੈਲਰ ਨੂੰ ਸੀਲ ਕਰਨ ਦਾ ਫ਼ੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਸੀ। ਇਸ ਲਈ ਇਹ ਫੈਸਲਾ ਕਾਹਲੀ ਨਾਲ ਲਾਗੂ ਕੀਤਾ ਗਿਆ। ਬੈਂਕ ਅਧਿਕਾਰੀਆਂ ਨੇ ਆਉਣ ਸਾਰ ਸ਼ੈਲਰ ਵਿੱਚ ਖੜ੍ਹੇ ਪ੍ਰਾਈਵੇਟ ਵਾਹਣ ਤੇ ਮਜ਼ਦੂਰਾਂ ’ਤੇ ਮੁਲਾਜ਼ਮਾਂ ਨੂੰ ਸਖ਼ਤੀ ਵਰਤ ਕੇ ਬਾਹਰ ਕੱਢ ਦਿੱਤਾ। ਸੰਪਰਕ ਕਰਨ ’ਤੇ ਬੈਂਕ ਦੇ ਚੀਫ਼ ਮੈਨੇਜਰ ਨਿਸ਼ਾਂਤ ਸ਼ੁਕਲਾ ਨੇ ਦੱਸਿਆ ਕਿ ਸ਼ੈਲਰ ਮਾਲਕ ਵੱਲ 9 ਕਰੋੜ 73 ਲੱਖ ਰੁਪਏ ਦੀ ਅਦਾਇਗੀ ਰਹਿੰਦੀ ਸੀ। ਉਨ੍ਹਾਂ ਨੂੰ ਵਾਰ ਵਾਰ ਨੋਟਿਸ ਭੇਜਣ ਦੇ ਬਾਵਜੂਦ ਇਹ ਕਰਜ਼ਾ ਉਨ੍ਹਾਂ ਨੇ ਨਹੀਂ ਭਰਿਆ। ਅਖੀਰ ਉਨ੍ਹਾਂ ਨੂੰ ਹਾਈ ਕੋਰਟ ’ਚ ਕੇਸ ਕਰਨਾ ਪਿਆ ਤੇ ਸ਼ੈਲਰ ਨੂੰ ਸੀਲ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਇੱਕ ਵਾਰ ਸ਼ੈਲਰ ਸੀਲ ਕਰ ਦਿੱਤਾ ਗਿਆ ਹੈ।