ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 3 ਸਤੰਬਰ
ਇੱਥੇ ਸੁਨਾਮ-ਜਾਖਲ ਮਾਰਗ ’ਤੇ ਸਥਿਤ ਇੱਕ ਫਰਨੀਚਰ ਦੇ ਗੁਦਾਮ ਵਿੱਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਖ਼ਦਸ਼ਾ ਹੈ। ਜਾਣਕਾਰੀ ਅਨੁਸਾਰ ਸੁਨਾਮ ਦੇ ਸਿਟੀ ਰੋਡ ’ਤੇ ਸਥਿਤ ਗਣੇਸ਼ ਫਰਨੀਚਰ ਹਾਊਸ ਵਾਲਿਆਂ ਦਾ ਸੁਨਾਮ-ਜਾਖਲ ਰੋਡ ’ਤੇ ਵੱਡਾ ਗੁਦਾਮ ਹੈ ਜਿੱਥੇ ਨਵਾਂ ਫਰਨੀਚਰ ਤਿਆਰ ਕੀਤਾ ਜਾਂਦਾ ਹੈ ਅਤੇ ਸਟੋਰ ਵੀ ਕੀਤਾ ਜਾਂਦਾ ਹੈ।
ਇਸ ਫੈਕਟਰੀ ਕਮ ਗੁਦਾਮ ਵਿੱਚ ਅੱਜ ਤੜਕੇ ਅਚਾਨਕ ਅੱਗ ਲੱਗ ਗਈ। ਲੋਕਾਂ ਅਨੁਸਾਰ ਅੱਗ ਬੜੀ ਤੇਜ਼ੀ ਨਾਲ ਫੈਲੀ। ਉਨ੍ਹਾਂ ਦੱਸਿਆ ਕਿ ਅੱਗ ਏਨੀ ਭਿਆਨਕ ਸੀ ਕਿ ਅੰਦਰ ਪਿਆ ਸਾਮਾਨ ਅਤੇ ਫਰਨੀਚਰ ਤਿਆਰ ਕਰਨ ਵਾਲੀਆਂ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ। ਗੁਦਾਮ ਅੰਦਰ ਰਹਿੰਦੇ ਕੁਝ ਲੋਕਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ’ਤੇ ਕਾਬੂ ਨਾ ਪਾਇਆ ਜਾ ਸਕਿਆ। ਇਸ ਦੌਰਾਨ ਸੰਗਰੂਰ, ਬਰਨਾਲਾ, ਸੁਨਾਮ ਅਤੇ ਧੂਰੀ ਤੋਂ ਆਈਆਂ 7 ਅੱਗ ਬੁਝਾਊ ਗੱਡੀਆਂ ਵੱਲੋਂ ਕਰੜੀ ਮੁਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਜਾ ਸਕਿਆ। ਦੁਕਾਨ ਦੇ ਮਾਲਕ ਅਮਿਤ ਕੁਮਾਰ ਅਨੁਸਾਰ ਅੱਗ ਬਿਜਲੀ ਦੇ ਸ਼ਾਰਟ ਸ਼ਰਕਟ ਕਾਰਨ ਹੋਣ ਦਾ ਖਦਸ਼ਾ ਹੈ।