ਹਰਦੀਪ ਸਿੰਘ ਸੋਢੀ
ਧੂਰੀ, 14 ਮਈ
ਲੰਘੇ ਦਿਨੀ ਨੇੜਲੇ ਪਿੰਡ ਭੱਦਲਵੜ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੇ ਮਾਮਲੇ ਵਿਚ ਪੁਲੀਸ ਵੱਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਨਾਮਜ਼ਦ ਕੀਤੇ ਗਏ ਮ੍ਰਿਤਕ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ ਸਿਟੀ ਧੂਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਲੰਘੇ ਦਿਨ ਗਗਨਦੀਪ ਸਿੰਘ ਵਾਸੀ ਭੱਦਲਵੜ ਵੱਲੋਂ ਬਿਆਨ ਦਰਜ ਕਰਵਾਇਆ ਗਿਆ ਸੀ ਕਿ ਪਿੰਡ ਧੂਰਾ ਨਿਵਾਸੀ ਅਰਵਿੰਦਰ ਸਿੰਘ ਉਰਫ ਸ਼ੈਂਕੀ ਨੇ ਉਸ ਦੇ ਭਰਾ ਨਿਰਮਲ ਸਿੰਘ ਨਿੰਮਾ ਵਾਸੀ ਭੱਦਲਵੜ ਨੂੰ ਨਸ਼ੇ ਦੀ ਲੱਤ ਲੱਗਾ ਦਿੱਤੀ ਸੀ ਅਤੇ ਲੰਘੇ ਵੀਰਵਾਰ ਨੂੰ ਸ਼ੈਂਕੀ ਵੱਲੋਂ ਉਸ ਦੇ ਭਰਾ ਨੂੰ ਜ਼ਿਆਦਾ ਨਸ਼ਾ ਦੇਣ ਕਾਰਨ ਉਸ ਦੇ ਭਰਾ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕਾਰਵਾਈ ਕਰਦੇ ਹੋਏ ਕੇਸ ਦਰਜ ਕਰਕੇ ਅਰਵਿੰਦਰ ਸਿੰਘ ਉਰਫ ਸ਼ੈਂਕੀ ਧੂਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ ਦੌਰਾਨ ਨਸ਼ਾ ਸਪਲਾਈ ਦੀ ਕੜੀ ਨੂੰ ਤੋੜਨ ਲਈ ਕੁਝ ਨਸ਼ਾ ਤਸਕਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਨਾਮਜ਼ਦ ਵੀ ਕੀਤਾ ਗਿਆ ਹੈ ਅਤੇ ਅੱਜ ਪੁਲੀਸ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਵਿਚ ਛਾਪੇ ਵੀ ਮਾਰੇ ਗਏ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਇਕ ਬਸਤੀ ਵਿਚ ਮਾਰੇ ਛਾਪੇ ਦੌਰਾਨ ਜ਼ਿਆਦਾਤਰ ਨਸ਼ਾ ਤਸਕਰਾਂ ਦੇ ਘਰਾਂ ਅੱਗੇ ਜਿੰਦਰੇ ਲੱਗੇ ਹੋਏ ਸੀ।