ਮਹਿੰਦਰ ਕੌਰ ਮਨੂੰ
ਸੰਗਰੂਰ, 7 ਅਪਰੈਲ
ਕਿਸ ਵੇਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਸਾਥੀ ਅਤੇ ਡਰਾਈਵਰ ਰਹੇ ਫ਼ਰੀਡਮ ਫ਼ਾਈਟਰ ਸਵਰਗੀ ਗੁਰਦਿਆਲ ਸਿੰਘ ਦਾ ਪਰਿਵਾਰ ਆਪਣੇ ਹੀ ਘਰ ਦਾ ਕੱਟਿਆਬਿਜਲੀ ਕੂਨੈਕਸ਼ਨ ਲਗਵਾਉਣ ਲਈ ਪਿਛਲੇ ਕਰੀਬ 25 ਦਿਨਾਂ ਤੋਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰੀਡਮ ਫਾਈਟਰ ਸਵਰਗੀ ਗੁਰਦਿਆਲ ਸਿੰਘ ਦੀ ਨੂੰਹ ਮਨਪ੍ਰੀਤ ਕੌਰ ਪਤਨੀ ਰਾਜਵਿੰਦਰ ਸਿੰਘ ਨਿਵਾਸੀ ਰਣਜੀਤ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੋ ਮੀਟਰ ਲੱਗੇ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਮੀਟਰ ਉਨ੍ਹਾਂ ਦੇ ਸਹੁਰਾ ਸਵਰਗੀ ਗੁਰਦਿਆਲ ਸਿੰਘ ਦੇ ਨਾਂ ’ਤੇ ਅਤੇ ਇੱਕ ਮੀਟਰ ਉਨ੍ਹਾਂ ਦੇ ਖੁਦ ਦੇ ਨਾਂ ’ਤੇ ਸੀ। ਪੀੜਤਾ ਨੇ ਦੱਸਿਆ ਕਿ ਜੋ ਮੀਟਰ ਉਨ੍ਹਾਂ ਦੇ ਨਾਂ ’ਤੇ ਸੀ, ਉਸ ਮੀਟਰ ਦਾ ਕੋਈ ਬਿਜਲੀ ਬਿਲ ਬਕਾਇਆ ਨਹੀਂ ਹੈ, ਜਦੋਂ ਕਿ ਫਰੀਡਮ ਫਾਈਟਰ ਕੋਟੇ ਵਿੱਚ ਲੱਗੇ ਮੀਟਰ ਦਾ ਬਿੱਲ ਪੰਜਾਬ ਸਰਕਾਰ ਵੱਲੋਂ ਮੁਆਫ ਹੈ, ਪ੍ਰੰਤੂ ਬਿਜਲੀ ਮਹਿਕਮੇ ਨੇ ਫਰੀਡਮ ਫਾਈਟਰ ਵਾਲੇ ਕੋਟੇ ਦਾ ਬਿੱਲ ਤਿਆਰ ਕਰ ਕੇ ਉਸਦੀ ਰਾਸ਼ੀ ਉਨ੍ਹਾਂ ਦੇ ਦੂਜੇ ਮੀਟਰ ਦੇ ਬਿੱਲ ਵਿੱਚ ਸ਼ਾਮਲ ਕਰ ਕੇ ਬਿਜਲੀ ਬਿੱਲ ਦਾ ਬਕਾਇਆ ਕੱਢ ਦਿੱਤਾ ਹੈ, ਜਿਸ ਕਾਰਨ ਪਿਛਲੇ ਕਰੀਬ 25 ਦਿਨਾਂ ਤੋਂ ਉਨ੍ਹਾਂ ਦਾ ਕੁਨੈਕਸ਼ਨ ਕੱਟਿਆ ਹੋਇਆ ਹੈ। ਇਸ ਬਾਬਤ ਉਹ ਵੱਖ-ਵੱਖ ਅਧਿਕਾਰੀਆਂ ਅਤੇ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਵੀ ਮਿਲ ਚੁੱਕੇ ਹਨ, ਜਿਨ੍ਹਾਂ ਵੱਲੋਂ ਤੁਰੰਤ ਕੁਨੈਕਸ਼ਨ ਲਗਵਾਉਣ ਦੇ ਹੁਕਮ ਵੀ ਦਿੱਤੇ ਗਏ ਸਨ, ਪ੍ਰੰਤੂ ਹਾਲੇ ਤੱਕ ਉਨ੍ਹਾਂ ਦੇ ਮਸਲੇ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਜ਼ੁਰਗਾਂ ਦੇ ਦੇਸ਼ ਦੀ ਆਜ਼ਾਦੀ ਸੰਘਰਸ਼ ਸਦਕਾ ਉਨ੍ਹਾਂ ਦੇ ਹੀ ਪਰਿਵਾਰ ਨੂੰ ਸਰਕਾਰ ਵੱਲੋਂ ਸਹੂਲਤਾਂ ਮਿਲੀਆਂ ਹਨ, ਪ੍ਰੰਤੂ ਕੁਝ ਮੁਲਾਜ਼ਮ ਕਥਿਤ ਧੱਕੇਸ਼ਾਹੀ ਕਰਦੇ ਹੋਏ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਖੋਹ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਭੁੱਖ ਹੜਤਾਲ ਕਰਨ ਲਈ ਮਜਬੂਰ ਹੋਣਗੇ। ਸਬੰਧਤ ਮਹਿਕਮੇ ਦੇ ਐੱਸਡੀਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਦਫਤਰੀ ਫੋਨ ਬੰਦ ਆ ਰਿਹਾ ਸੀ, ਜਦੋਂਕਿ ਐਕਸੀਅਨ ਕੁਲਰਾਜ ਸਿੰਘ ਨੇ ਕਿਹਾ ਕਿ ਉਪਰੋਕਤ ਕੇਸ ਐੱਸਡੀਐੱਮ ਸਾਹਿਬ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਉਨ੍ਹਾਂ ਵੱਲੋਂ ਕੀਤੇ ਲਿਖ਼ਤੀ ਹੁਕਮਾਂ ’ਤੇ ਵਾਜ਼ਬਿ ਕਾਰਵਾਈ ਕੀਤੀ ਜਾਵੇਗੀ।