ਨਿਜੀ ਪੱਤਰ ਪ੍ਰੇਰਕ
ਸੰਗਰੂਰ, 14 ਫਰਵਰੀ
ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਏ ਪ੍ਰੇਮ ਬੱਲਵ ਦਾ ਅੱਜ ਦੇਹਾਂਤ ਹੋ ਗਿਆ। ਉਹ 98 ਵਰ੍ਹਿਆਂ ਦੇ ਸਨ। ਉਨ੍ਹਾਂ ਦੀ ਦੇਹ ਦਾ ਅੰਤਿਮ ਸੰਸਕਾਰ ਸਥਾਨਕ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਨੇ ਦਿਖਾਈ। ਇਸ ਮੌਕੇ ਸਮਾਜਿਕ ਜਥੇਬੰਦੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਨੇਹੀਆਂ ਤੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਛੜੀ ਰੂਹ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਸ਼ੋਕ ਸਲਾਮੀ ਵੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਨੇ ਰੀਥ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਇਸ ਮੌਕੇ ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਪੰਜਾਬ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਵੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੱਸਿਆ ਕਿ ਸ੍ਰੀ ਪ੍ਰੇਮ ਬੱਲਵ ਜੀ ਨੇ ਭਾਰਤ ਛੱਡੋ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਈ।