ਖੇਤਰੀ ਪ੍ਰਤੀਨਿਧ/ਪੱਤਰ ਪੇ੍ਰਕ
ਪਟਿਆਲਾ, 11 ਨਵੰਬਰ
ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਚੌਥਾ ਦਰਜਾ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਜ਼ਿਲ੍ਹਾ ਸਦਰ ਮੁਕਾਮਾਂ ’ਤੇ 24 ਘੰਟਿਆਂ ਦੀ ਭੁੱਖ ਹੜਤਾਲ ਪੰਜਾਬ ਸਰਕਾਰ ਦੀ ਅਰਥੀਆਂ ਸਾੜ ਕੇ ਖ਼ਤਮ ਕੀਤੀ ਗਈ। ਇਸ ਮੌਕੇ ਤੇ ਰੈਲੀ, ਮੁਜ਼ਾਹਰੇ ਤੇ ਮਾਰਚ ਕੀਤੇ ਗਏ ਅਤੇ ਆਪਣੀਆਂ ਮੰਗਾਂ ਦੇ ਮੈਮੋਰੰਡਮ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਦੇ ਨਾਮ ’ਤੇ ਯਾਦ ਪੱਤਰ ਸੌਂਪੇ ਗਏ। ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਨੇ ਕਿਹਾ ਕਿ 17 ਨਵੰਬਰ ਨੂੰ ਵਿੱਤ ਮੰਤਰੀ ਨੂੰ ਯਾਦ ਪੱਤਰ ਦੇਣ ਲਈ ਉਨ੍ਹਾਂ ਦੇ ਵਿਧਾਨ ਸਭਾ ਹਲਕਾ ਬਠਿੰਡਾ ਵਿਖੇ ਜ਼ੋਨਲ ਰੈਲੀ ਤੇ ਮੁਜ਼ਾਹਰਾ ਕੀਤਾ ਜਾਵੇਗਾ ਤੇ 25-11-2021 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੋਰਿੰਡਾ ਵਿਖੇ ਰੈਲੀ ਤੇ ਮੁਜ਼ਾਹਰਾ ਕਰਕੇ ਡਿਪਟੀ ਮੁੱਖ ਮੰਤਰੀ ਤੇ ਮੰਤਰੀਆਂ ਦੇ ਵਿਧਾਨ ਸਭਾ ਹਲਕਿਆਂ ਵਿੱਚ ਝੰਡਾ ਮਾਰਚ ਕਰਨ ਦੀਆਂ ਮਿਤੀਆਂ ਦਾ ਐਲਾਨ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ‘ਰੈਗੂਲਰਾਈਜੇਸ਼ਨ ਐਕਟ 2021’ ਵਿੱਚ ਬੇਇਨਸਾਫ਼ੀ ਕੀਤੀ ਗਈ ਹੈ। ਸਮੁੱਚੇ ਆਊਟ ਸੋਰਸ ਤੇ ਪਾਰਟ ਟਾਈਮ ਕਰਮਚਾਰੀਆਂ ਨੂੰ ਇਸ ਕਾਨੂੰਨ ਵਿੱਚੋਂ ਬਾਹਰ ਕੱਢ ਦਿੱਤਾ ਹੈ ਅਤੇ ਇਹ ਨਵਾਂ ਕਾਨੂੰਨ ਬੋਰਡਾਂ, ਕਾਰਪੋਰੇਸ਼ਨ, ਨਗਰ ਨਿਗਮ ਅਤੇ ਨਗਰ ਕੌਂਸਲਾਂ ਸਮੇਤ ਨਗਰ ਪ੍ਰੀਸ਼ਦਾਂ ਤੇ ਲਾਗੂ ਨਹੀਂ ਹੋਵੇਗਾ। ਇਸ ਤਰ੍ਹਾਂ ਨੌਕਰੀਆਂ ਤੋਂ ਫ਼ਾਰਗ ਕੀਤੇ ‘ਕਰੋਨਾ ਯੋਧਿਆਂ’ ਨੂੰ ਕੰਮਾਂ ਤੇ ਵਾਪਸ ਨਹੀਂ ਲਿਆ ਜਦੋਂ ਕਿ ਪੰਜ ਵਾਰ ਮਾਮਲੇ ਮੁੱਖ ਮੰਤਰੀ ਤੇ ਮੰਤਰੀ ਦੇ ਧਿਆਨ ਵਿੱਚ ਲਿਆਂਦੇ ਗਏ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਭੁੱਖ ਹੜਤਾਲੀ ਕੈਂਪ ਅੱਗੇ ਰੈਲੀ ਕਰਨ ਉਪਰੰਤ ਸਮੁੱਚੇ ਮੁਲਾਜ਼ਮ ਨੇ ਜਿਸ ਵਿੱਚ ਔਰਤ ਮੁਲਾਜ਼ਮਾਂ ਤੇ ਕੋਰੋਨਾ ਯੋਧੇ ਵੀ ਸ਼ਾਮਲ ਸੀ, ਪੰਜਾਬ ਸਰਕਾਰ ਦੀ ਅਰਥੀ ਚੁੱਕ ਕੇ ਪਟਿਆਲਾ-ਨਾਭਾ ਰੋਡ ’ਤੇ ਪਹੁੰਚ ਕੇ ਆਵਾਜਾਈ ਨੂੰ ਠੱਪ ਕਰਕੇ ਪਿੱਟ ਸਿਆਪਾ ਕੀਤਾ ਅਤੇ ਮੰਗਾਂ ਦਾ ਯਾਦ ਪੱਤਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਤਹਿਸੀਲਦਾਰ ਨੂੰ ਮੇਨ ਗੇਟ ’ਤੇ ਪਹੁੰਚ ਕੇ ਰੈਲੀ ਕਰਕੇ ਸੌਂਪਿਆ ਗਿਆ।
ਸੰਗਰੂਰ (ਨਿਜੀ ਪੱਤਰ ਪ੍ਰੇਰਕ): ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਵੱਖ-ਵੱਖ ਵਿਭਾਗਾਂ ਦੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਇਥੇ ਡੀਸੀ ਦਫ਼ਤਰ ਅੱਗੇ 24 ਘੰਟੇ ਦੀ ਭੁੱਖ ਹੜਤਾਲ ਦੀ ਸਮਾਪਤੀ ਮਗਰੋਂ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਇਸਤੋਂ ਪਹਿਲਾਂ ਰੋਸ ਰੈਲੀ ਦੌਰਾਨ ਪੰਜਾਬ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ 17 ਨਵੰਬਰ ਨੂੰ ਵਿੱਤ ਮੰਤਰੀ ਦੇ ਹਲਕਾ ਬਠਿੰਡਾ ਅਤੇ 25 ਨਵੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ।
ਰੈਲੀ ਨੂੰ ਯੂਨੀਅਨ ਦੇ ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ, ਸੂਬਾ ਮੀਤ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ, ਜ਼ਿਲ੍ਹਾ ਆਗੂਆਂ ਰਮੇਸ ਕੁਮਾਰ, ਗੁਰਮੀਤ ਸਿੰਘ ਮਿੱਡਾ, ਹੰਸ ਰਾਜ ਦੀਦਾਰਗੜ੍ਹ, ਫੈਡਰੇਸ਼ਨ ਜ਼ਿਲ੍ਹਾ ਪ੍ਰਧਾਨ ਸੀਤਾ ਰਾਮ ਸ਼ਰਮਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਦਾ ਗਰੀਬ ਪੱਖੀ ਮਖੌਟਾ ਉੱਤਰ ਗਿਆ ਹੈ ਅਤੇ ਸਾਰੇ ਫੈਸਲੇ ਕਾਰਪੋਰੇਟ ਘਰਾਣਿਆਂ ਦੇ ਦਬਾਓ ਮਜਦੂਰ ਵਰਗ ਵਿਰੋਧੀ ਕੀਤੇ ਜਾ ਰਹੇ ਹਨ। ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰ ਦਿੱਤਾ ਹੈ। ਇਸ ਮੌਕੇ ਕੇਵਲ ਸਿੰਘ ਗੁਜਰਾਂ, ਬਿੱਕਰ ਸਿੰਘ ਸਬਿੀਆ, ਨਾਜਰ ਸਿੰਘ, ਅਮਰੀਕ ਸਿੰਘ ਹੈਲਥ, ਈਸੜਾ, ਗਮਧੂਰ ਸਿੰਘ, ਰਾਮਪਾਲ , ਸਵਰਨ ਸਿੰਘ ਅਕਬਰ ਪੁਰ, ਬਲਦੇਵ ਹਥਨ, ਰਾਜੂ ਸਿੰਘ, ਅਮਰੀਕ ਸਿੰਘ ਖੇੜੀ ਆਦਿ ਸ਼ਾਮਲ ਸਨ।