ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਫਰਵਰੀ
ਜ਼ਿਲ੍ਹਾ ਪੁਲੀਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਦੇਸੀ ਪਿਸਤੌਲ 12 ਬੋਰ, ਖਿਡੌਣਾ ਪਿਸਤੌਲ, ਕਿਰਚ, ਕਿਰਪਾਨ, ਚੋਰੀ ਦੇ ਦੋ ਮੋਟਰਸਾਈਕਲ ਅਤੇ 11 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਪੁਲੀਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਨੇ ਸੰਗਰੂਰ ਤੋਂ ਚੋਰੀ ਕੀਤੇ 2 ਮੋਟਰਸਾਈਕਲਾਂ ਉਪਰ 15 ਵਾਰਦਾਤਾਂ ਕਰਨੀਆਂ ਮੰਨਿਆ ਹੈ।
ਇੱਥੇ ਜ਼ਿਲ੍ਹਾ ਪੁਲੀਸ ਦਫ਼ਤਰ ਵਿੱਚ ਡੀਐੱਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਦੀ ਵਿਸ਼ੇਸ਼ ਟੀਮ ਨੇ ਮੁਖਬਰੀ ਮਿਲਣ ਤੋਂ ਬਾਅਦ ਡਰੇਨ ਦੀ ਕੱਚੀ ਪਟੜੀ ਬਾਹੱਦ ਸੀਤਾਸਰ ਰੋਡ ਸੁਨਾਮ ਤੋਂ ਵੀਰ ਸਿੰਘ ਉਰਫ਼ ਵੀਰੂ, ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਸੀਆਨ ਚੌਹੱਟਾ ਬਾਜ਼ਾਰ ਸੁਨਾਮ, ਜਗਮੇਲ ਸਿੰਘ ਉਰਫ਼ ਜੱਗੀ ਉਰਫ਼ ਲੱਲੂ ਵਾਸੀ ਨੇੜੇ ਖੱਟੜਾਂ ਵਾਲਾ ਗੁਰਦੁਆਰਾ ਸੁਨਾਮ ਅਤੇ ਨਿਰਮਲ ਸਿੰਘ ਉਰਫ਼ ਬਲੌਰਾ ਵਾਸੀ ਬਖਸ਼ੀਵਾਲਾ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਿਨ ਅਤੇ ਰਾਤ ਸਮੇਂ ਸੁੰਨਿਆਂ ਰਸਤਿਆਂ ਉੱਪਰ ਆਉਂਦੇ ਜਾਂਦੇ ਰਾਹਗੀਰਾਂ ਨੂੰ ਘੇਰ ਕੇ ਹਥਿਆਰਾਂ ਦੀ ਨੋਕ ’ਤੇ ਉਨ੍ਹਾਂ ਦਾ ਕੀਮਤੀ ਸਾਮਾਨ, ਨਕਦੀ ਅਤੇ ਮੋਬਾਇਲ ਖੋਹ ਕੇ ਲੈ ਜਾਂਦੇ ਸਨ ਜਿਨ੍ਹਾਂ ਨੇ ਚੋਰੀਸ਼ੁਦਾ ਮੋਟਰਸਾਈਕਲ ’ਤੇ ਲੁੱਟ ਖੋਹ ਦੀਆਂ 15 ਵਾਰਦਾਤਾਂ ਕਰਨੀਆਂ ਮੰਨਿਆ ਹੈ। ਇਨ੍ਹਾਂ ਕੋਲੋਂ ਦੇਸੀ ਪਿਸਤੌਲ 12 ਬੋਰ, ਖਿਡੌਣਾ ਪਿਸਤੌਲ, ਕਿਰਚ, ਕਿਰਪਾਨ, ਚੋਰੀ ਦੇ 2 ਮੋਟਰਸਾਈਕਲ ਅਤੇ 11 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ’ਚੋਂ ਵੀਰ ਸਿੰਘ ਉਰਫ਼ ਵੀਰੂ ਖ਼ਿਲਾਫ਼ ਵੱਖ-ਵੱਖ ਪੁਲੀਸ ਥਾਣਿਆਂ ’ਚ ਪਹਿਲਾਂ ਹੀ 7 ਕੇਸ, ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੇ ਖ਼ਿਲਾਫ਼ 12 ਕੇਸ ਅਤੇ ਜਗਮੇਲ ਸਿੰਘ ਉਰਫ਼ ਜੱਗੀ ਦੇ ਖ਼ਿਲਾਫ਼ 4 ਕੇਸ ਦਰਜ ਹਨ। ਇਨ੍ਹਾਂ ਖ਼ਿਲਾਫ਼ ਵੱਖ-ਵੱਖ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ।