ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 28 ਨਵੰਬਰ
ਇੱਥੋਂ ਨੇੜਲੇ ਪਿੰਡ ਚੰਨੋਂ ਵਿੱਚ ਬੀਤੀ ਦੇਰ ਸ਼ਾਮ ਰਾਡਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਡੇਢ ਦਰਜਨ ਦੇ ਕਰੀਬ ਅਣਪਛਾਤੇ ਹਮਲਾਵਰਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਪਰਿਵਾਰ ਦੇ 4 ਮੈਂਬਰਾਂ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਇਸ ਸਬੰਧੀ ਪਰਿਵਾਰ ਦੇ ਮੁਖੀ ਧਰਮਪਾਲ ਪੱਪੂ ਨੇ ਦੱਸਿਆ ਕਿ ਬੀਤੀ ਸ਼ਾਮ 8 ਵਜੇ ਅਣਪਛਾਤੇ ਹਮਲਾਵਰਾਂ ਨੇ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਦੇ ਮੈਂਬਰਾਂ ਨੂੰ ਰਾਡਾਂ ਤੇ ਤੇਜ਼ਧਾਰ ਹਥਿਆਰ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਹਮਲੇ ਵਿੱਚ ਉਸ ਸਮੇਤ ਉਸ ਦੇ ਤਿੰਨ ਪੁੱਤਰ ਅਸ਼ੋਕ ਕੁਮਾਰ, ਪਵਨ ਕੁਮਾਰ ਤੇ ਸੁਨਿਲ ਕੁਮਾਰ ਦੇ ਸਿਰ ਪਾੜ ਦਿੱਤੇ ਗਏ ਅਤੇ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਰੌਲਾ ਸੁਣ ਕੇ ਨੇੜੇ ਘਰਾਂ ਦੇ ਲੋਕ ਇਕੱਠੇ ਹੋ ਗਏ ਜਿਸ ’ਤੇ ਹਮਲਾਵਰ ਭੱਜ ਗਏ ਪਰ ਕਾਹਲੀ ਵਿੱਚ ਹਮਲਾਵਰ ਆਪਣੀ ਕਾਰ ਘਟਨਾ ਸਥਾਨ ’ਤੇ ਹੀ ਛੱਡ ਗਏ।
ਧਰਮਪਾਲ ਨੇ ਦੱਸਿਆ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ ਅਤੇ ਸਾਰੇ ਹਮਲਾਵਰ ਅਣਪਛਾਤੇ ਸਨ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਵਾਨੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਲੁਧਿਆਣਾ ਤੇ ਪਟਿਆਲਾ ਵਿੱਚ ਰੈਫਰ ਕਰ ਦਿੱਤਾ ਗਿਆ।
ਸੂਚਨਾ ਮਿਲਣ ’ਤੇ ਪੁਲੀਸ ਚੌਕੀ ਕਾਲਾਝਾੜ ਦੇ ਇੰਚਾਰਜ ਦਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਹਮਲਾਵਰਾਂ ਨੂੰ ਫੜਨ ਲਈ ਛਾਪੇ ਮਾਰ ਰਹੀ ਹੈ।