ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਸਤੰਬਰ
ਇਥੋਂ ਦੀ ਪੁਲੀਸ ਵੱਲੋਂ 18 ਸਾਲ ਪਹਿਲਾਂ ਐੱਨਡੀਪੀਐੱਸ ਐਕਟ ਅਧੀਨ ਦਰਜ ਦੋ ਮਾਮਲਿਆਂ ‘ਚ ਭਗੌੜੇ ਚੱਲ ਰਹੇ 4 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਡੀਐੱਸਪੀ ਮੋਹਿਤ ਅਗਰਵਾਲ ਤੇ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਰਾਜਿੰਦਰ ਕੁਮਾਰ ਡੂਡੀ ਉਰਫ ਗੰਜੀ ਵਾਸੀ ਬਾਸਕਾ ਗੋਕੁਲ (ਰਾਜਸਥਾਨ) ਤੇ ਜੈ ਵੀਰ ਸਿੰਘ ਵਾਸੀ ਦੋਬੜਾ ਪਿਲਾਨੀ (ਰਾਜਸਥਾਨ) ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਚ ਸਾਲ 2003 ’ਚ ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਹੋਇਆ ਸੀ ਤੇ ਉਕਤ ਮੁਲਜ਼ਮ ਜਨਵਰੀ 2004 ਤੋਂ ਭਗੋੜੇ ਐਲਾਨੇ ਗਏ ਸਨ। ਇਸੇ ਤਰ੍ਹਾਂ ਦੂਜਾ ਮਾਮਲਾ 2003 ’ਚ ਐੱਨਡੀਪੀਐੱਸ ਐਕਟ ਅਧੀਨ ਥਾਣਾ ਭਵਾਨੀਗੜ੍ਹ ਵਿਖੇ ਨਰੇਸ਼ ਕੁਮਾਰ ਵਾਸੀ ਅੱਛਾਪੁਰ (ਰਾਜਸਥਾਨ) ਤੇ ਰਾਜ ਕੁਮਾਰ ਉਰਫ ਰਾਜਿੰਦਰ ਸਿੰਘ ਵਾਸੀ ਬੁੱਢਾ ਵਾਸ (ਮਹਾਰਾਸ਼ਟਰ) ਖਿਲਾਫ਼ ਦਰਜ ਹੋਇਆ ਸੀ ਤੇ ਇਹ ਮੁਲਜ਼ਮ ਵੀ 2004 ਤੋਂ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਸੀ। ਇਨ੍ਹਾਂ ਨੂੰ ਭਵਾਨੀਗੜ੍ਹ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਭਗੌੜਿਆਂ ਨੂੰ ਅਦਾਲਤ ’ਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।