ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਅਕਤੂਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗਰੂਰ ਜ਼ੋਨ ਦਾ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲਾ ਅੱਜ ਇਥੇ ਸਰਕਾਰੀ ਰਣਬੀਰ ਕਾਲਜ ਵਿਖੇ ਸ਼ੁਰੂ ਹੋ ਗਿਆ ਹੈ। ਮੇਲੇ ਦਾ ਉਦਘਾਟਨ ਡਾ. ਗਗਨਦੀਪ ਥਾਪਾ ਇੰਚਾਰਜ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕੀਤਾ ਗਿਆ, ਜਦੋਂ ਕਿ ਮਹਿੰਦਰ ਸਿੰਘ ਸਿੱਧੂ ਚੇਅਰਮੈਨ ਸੀਡ ਕਾਰਪੋਰੇਸ਼ਨ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੇਲੇ ’ਚ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਸੰਗਰੂਰ ਜ਼ੋਨ ਦੇ 49 ਕਾਲਜ ਭਾਗ ਲੈ ਰਹੇ ਹਨ।
ਪਹਿਲੇ ਦਿਨ ਸ਼ਾਮ ਦੇ ਸੈਸ਼ਨ ਵਿਚ ਗੁਰਦੇਵ ਸਿੰਘ ਦੇਵ ਮਾਨ ਵਿਧਾਇਕ ਨਾਭਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਪੰਜਾਬੀ ਫਿਲਮ ਜਗਤ ਦੀਆਂ ਉਘੀਆਂ ਹਸਤੀਆਂ ਅਦਾਕਾਰ ਕਰਮਜੀਤ ਅਨਮੋਲ, ਬਿਨੂੰ ਢਿੱਲੋਂ ਅਤੇ ਹੌਬੀ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਕਾਲਜ ਪ੍ਰਿੰਸੀਪਲ ਸੁਖਬੀਰ ਸਿੰਘ ਵਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ। ਕਾਲਜ ਦੇ ਯੂਥ ਕੋਆਰਡੀਨੇਟਰ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਚਾਰ ਦਿਨ ਲਗਾਤਾਰ ਚੱਲਣ ਵਾਲੇ ਯੁਵਕ ਮੇਲੇ ’ਚ ਸੰਗਰੂਰ ਖੇਤਰ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਵੱਖ-ਵੱਖ ਤਰਾਂ ਦੀਆਂ ਸਭਿਅਚਾਰਕ ਅਤੇ ਲੋਕ ਕਲਾਵਾਂ ਦੀਆਂ ਗਤੀਵਿਧੀਆਂ ਵਿਚ ਭਾਗ ਲੈ ਰਹੇ ਹਨ। ਅੱਜ ਪਹਿਲੇ ਦਿਨ ਪੰਜਾਬੀ ਲੋਕ ਨਾਚ ਭੰਗੜੇ ’ਚ ਪੰਜਾਬੀ ਗੱਭਰੂਆਂ ਦੀਆਂ ਧਮਾਲਾਂ ਨੇ ਦਰਸ਼ਕਾਂ ਨੂੰ ਪੱਬ ਚੁੁੱਕਣ ਲਈ ਮਜ਼ਬੂਰ ਕਰ ਦਿੱਤਾ। ਸਕਿੱਟ ਪੇਸ਼ਕਾਰੀ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਰੰਗ ਬਿਖ਼ੇਰੇ। ਪੰਜਾਬੀ ਸਭਿਆਚਾਰਕ ਵਿਰਸੇ ਨਾਲ ਸਬੰਧਤ ਆਈਟਮਾਂ ’ਚ ਕਰੋਸ਼ੀਏ ਦੀ ਬੁਣਤੀ, ਨਾਲਾ ਬੁਣਨਾ, ਕਢਾਈ, ਪੱਖੀ ਬਣਾਉਣਾ, ਗੁੱਡੀਆਂ ਪਟੋਲੇ ਬਣਾਉਣਾ, ਪਰਾਂਦਾ ਬਣਾਉਣ ਤੋਂ ਇਲਾਵਾ ਰੱਸਾ ਵੱਟਣਾ, ਟੋਕਰੀ ਬਣਾਉਣਾ, ਛਿੱਕੂ ਬਣਾਉਣਾ, ਮਿੱਟੀ ਦੇ ਖਿਡੌਣੇ ਬਣਾਉਣਾ, ਖਿੱਦੋ ਅਤੇ ਇਨੂੰ ਬਣਾਉਣਾ ਆਦਿ ਪੇਸ਼ਕਾਰੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਸ਼ਬਦ ਗਾਇਨ, ਸ਼ਾਸ਼ਤਰੀ ਸੰਗੀਤ ਗਾਇਨ, ਸੁਗਮ ਸੰਗੀਤ, ਗੀਤ/ਗਜ਼ਲ, ਪੰਜਾਬੀ ਲੋਕ ਧਾਰਾ ਅਤੇ ਸਭਿਆਚਾਰ ਕੁਇਜ਼ ਆਦਿ ਮੁਕਾਬਲਿਆਂ ’ਚ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ। ਉਦਘਾਟਨੀ ਭਾਸ਼ਣ ਦੌਰਾਨ ਡਾ. ਗਗਨਦੀਪ ਥਾਪਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਵਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਆ। ਡਾ. ਹਰਦੀਪ ਸਿੰਘ ਅਨੁਸਾਰ ਖੇਤਰੀ ਯੁਵਕ ਤੇ ਲੋਕ ਮੇਲੇ ਦੇ ਦੂਜੇ ਦਿਨ ਭਲਕੇ 29 ਅਕਤੂਬਰ ਨੂੰ ਪੰਜਾਬਣ ਮੁਟਿਆਰਾਂ ਦਾ ਲੋਕ ਨਾਚ ਗਿੱਧਾ, ਲੋਕ ਨਾਚ ਲੜਕੇ ਝੂਮਰ, ਭੰਡ, ਨੁਕੜ ਨਾਟਕ, ਕਲੇਅ ਮਾਡਲਿੰਗ ਤੇ ਰੰਗੋਲੀ ਖਿੱਚ ਦਾ ਕੇਂਦਰ ਹੋਣਗੇ।