ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਅਕਤੂਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗਰੂਰ ਜ਼ੋਨ ਦਾ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲਾ ਅੱਜ ਸਥਾਨਕ ਸਰਕਾਰੀ ਰਣਬੀਰ ਕਾਲਜ ਵਿੱਚ ਸ਼ੁਰੂ ਹੋ ਗਿਆ ਹੈ। ਮੇਲੇ ਦਾ ਉਦਘਾਟਨ ਡਾ. ਗਗਨਦੀਪ ਥਾਪਾ ਇੰਚਾਰਜ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤਾ ਗਿਆ। ਸਮਾਗਮ ਵਿੱਚ ਮਹਿੰਦਰ ਸਿੰਘ ਸਿੱਧੂ ਚੇਅਰਮੈਨ ਸੀਡ ਕਾਰਪੋਰੇਸ਼ਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੇਲੇ ’ਚ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਸੰਗਰੂਰ ਜ਼ੋਨ ਦੇ 49 ਕਾਲਜ ਭਾਗ ਲੈ ਰਹੇ ਹਨ।
ਪਹਿਲੇ ਦਿਨ ਸ਼ਾਮ ਦੇ ਸੈਸ਼ਨ ਵਿੱਚ ਗੁਰਦੇਵ ਸਿੰਘ ਦੇਵ ਮਾਨ ਵਿਧਾਇਕ ਨਾਭਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਪੰਜਾਬੀ ਫਿਲਮ ਜਗਤ ਦੀਆਂ ਅਹਿਮ ਹਸਤੀਆਂ ਅਦਾਕਾਰ ਕਰਮਜੀਤ ਅਨਮੋਲ, ਬਿਨੂੰ ਢਿੱਲੋਂ ਅਤੇ ਹੌਬੀ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਸੁਖਬੀਰ ਸਿੰਘ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ। ਕਾਲਜ ਦੇ ਯੂਥ ਕੋਆਰਡੀਨੇਟਰ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਚਾਰ ਦਿਨ ਚੱਲਣ ਵਾਲੇ ਯੁਵਕ ਮੇਲੇ ’ਚ ਸੰਗਰੂਰ ਖੇਤਰ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਸਭਿਅਚਾਰਕ ਅਤੇ ਲੋਕ ਕਲਾਵਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣਗੇ। ਉਨ੍ਹਾਂ ਨੇ ਦੱਸਿਆ ਕਿ 29 ਅਕਤੂਬਰ ਨੂੰ ਮੇਲੇ ਦੇ ਦੂਜੇ ਦਿਨ ਗਿੱਧਾ, ਝੂਮਰ, ਭੰਡ, ਨੁੱਕੜ ਨਾਟਕ, ਕਲੇਅ ਮਾਡਲਿੰਗ ਤੇ ਰੰਗੋਲੀ ਦੇ ਮੋਕਾਬਲੇ ਖਿੱਚ ਦਾ ਕੇਂਦਰ ਹੋਣਗੇ।
ਮੇਲੇ ਦੇ ਪਹਿਲੇ ਦਿਨ ਕਰਵਾਏ ਵੱਖ ਵੱਖ ਮੁਕਾਬਲਿਆਂ ਦੇ ਵੇਰਵੇ
ਮੇਲੇ ਦੇ ਪਹਿਲੇ ਦਿਨ ਪੰਜਾਬੀ ਲੋਕ ਨਾਚ ਭੰਗੜੇ ’ਚ ਗੱਭਰੂਆਂ ਦੀਆਂ ਧਮਾਲਾਂ ਨੇ ਦਰਸ਼ਕਾਂ ਨੂੰ ਪੱਬ ਚੁੁੱਕਣ ਲਈ ਮਜ਼ਬੂਰ ਕਰ ਦਿੱਤਾ। ਸਕਿੱਟ ਪੇਸ਼ਕਾਰੀ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਰੰਗ ਬਿਖ਼ੇਰੇ। ਪੰਜਾਬੀ ਸਭਿਆਚਾਰਕ ਵਿਰਸੇ ਨਾਲ ਸਬੰਧਤ ਆਈਟਮਾਂ ’ਚ ਕਰੋਸ਼ੀਏ ਦੀ ਬੁਣਤੀ, ਨਾਲਾ ਬੁਣਨਾ, ਕਢਾਈ, ਪੱਖੀ ਬਣਾਉਣਾ, ਗੁੱਡੀਆਂ ਪਟੋਲੇ ਬਣਾਉਣਾ, ਪਰਾਂਦਾ ਬਣਾਉਣ ਤੋਂ ਇਲਾਵਾ ਰੱਸਾ ਵੱਟਣਾ, ਟੋਕਰੀ ਬਣਾਉਣਾ, ਛਿੱਕੂ ਬਣਾਉਣਾ, ਮਿੱਟੀ ਦੇ ਖਿਡੌਣੇ ਬਣਾਉਣਾ, ਖਿੱਦੋ ਅਤੇ ਇਨੂੰ ਬਣਾਉਣਾ ਆਦਿ ਪੇਸ਼ਕਾਰੀ ਖਿੱਚ ਦਾ ਕੇਂਦਰ ਰਹੀਆਂ। ਇਸੇ ਤਰ੍ਹਾਂ ਸ਼ਬਦ ਗਾਇਨ, ਸ਼ਾਸਤਰੀ ਸੰਗੀਤ ਗਾਇਨ, ਸੁਗਮ ਸੰਗੀਤ, ਗੀਤ/ਗਜ਼ਲ, ਪੰਜਾਬੀ ਲੋਕ ਧਾਰਾ ਅਤੇ ਸਭਿਆਚਾਰਕ ਕੁਇਜ਼ ਆਦਿ ’ਚ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ।