ਪੱਤਰ ਪ੍ਰੇਰਕ
ਸੰਦੌੜ, 30 ਅਕਤੂਬਰ
ਥਾਣਾ ਸੰਦੌੜ ਦੀ ਪੁਲੀਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਚਰਸ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਸੰਦੌੜ ਦੇ ਮੁੱਖ ਅਫ਼ਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਦਵਿੰਦਰ ਸਿੰਘ ਵਾਸੀ ਦਸੌਧਾ ਸਿੰਘ ਵਾਲਾ ਨੂੰ 260 ਦੇ ਕਰੀਬ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਗਿਆ ਜਦਕਿ ਇਕ ਹੋਰ ਮਾਮਲੇ ਵਿੱਚ ਪੁਲੀਸ ਟੀਮ ਨੇ ਪਿੰਡ ਭੂਦਨ ਨਜ਼ਦੀਕ ਇਕ ਮੋਟਰ ਸਾਈਕਲ ਸਵਾਰ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 210 ਗ੍ਰਾਮ ਚਰਸ (ਗਾਂਜਾ) ਬਰਾਮਦ ਕੀਤਾ ਗਿਆ। ਫੜੇ ਗਏ ਵਿਅਕਤੀ ਦੀ ਪਛਾਣ ਸੁਰਜੀਤ ਸਿੰਘ ਵਾਸੀ ਭੂਦਨ ਵਜੋਂ ਹੋਈ ਹੈ।
ਸਮਾਣਾ (ਪੱਤਰ ਪ੍ਰੇਰਕ): ਸਿਟੀ ਪੁਲੀਸ ਨੇ ਇਕ ਨੌਜਵਾਨ ਨੂੰ 710 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰ ਕੇ ਉਸਦੇ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਨੌਜਵਾਨ ਦੀ ਪਛਾਣ ਸ਼ਿੰਗਾਰਾ ਸਿੰਘ ਨਿਵਾਸੀ ਪਿੰਡ ਮੁਰਾਦਪੁਰਾ ਵਜੋਂ ਹੋਈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਏਐੱਸ ਆਈ ਰਾਜਬੀਰ ਸਿੰਘ ਨੇ ਪੁਲੀਸ ਪਾਰਟੀ ਸਣੇ ਗਸ਼ਤ ਦੌਰਾਨ ਪਿੰਡ ਮੁਰਾਦਪੁਰਾ ਨੇੜੇ ਆ ਰਹੇ ਉਕਤ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਤੇ ਤਲਾਸ਼ੀ ਦੌਰਾਨ ਉਸ ਕੋਲੋਂ 710 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁੱਛ ਪੜਤਾਲ ਲਈ ਰਿਮਾਂਡ ’ਤੇ ਲਿਆ ਜਾਵੇਗਾ।
ਨਸ਼ੀਲੀਆਂ ਗੋਲੀਆਂ ਵੇਚਣ ਦੇ ਦੋਸ਼ ਹੇਠ ਕੇਸ ਦਰਜ
ਦੇਵੀਗੜ੍ਹ: ਇਥੇ ਥਾਣਾ ਸਦਰ ਅਧੀਨ ਪੁਲੀਸ ਚੌਕੀ ਬਲਬੇੜਾ ਦੀ ਪੁਲੀਸ ਨੇ ਇੰਚਾਰਜ ਸਬ-ਇੰਸਪੈਕਟਰ ਜਸਪ੍ਰੀਤ ਕੌਰ ਸਮੇਤ ਗਸ਼ਤ ਦੌਰਾਨ ਟੀ ਪੁਆਇੰਟ ਚਰਾਸੋਂ ਰੋਡ ਬਲਬੇੜਾ ’ਤੇ ਇੱਕ ਕਾਰ ਨੰਬਰ ਐੱਚਆਰ-70 ਸੀ-5258 ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਵਿਅਕਤੀ ਕੋਲੋਂ 10 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਵਿਅਕਤੀ ਦੀ ਪਛਾਣ ਰਾਹੁਲ ਕੁਮਾਰ ਵਾਸੀ ਪਿੱਪਲ ਵਾਲੀ ਗਲੀ ਮੁਖੀਜਾ ਕਲੋਨੀ ਪਾਣੀਪਤ ਹਰਿਆਣਾ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਪੁਲੀਸ ਚੌਕੀ ਬਲਬੇੜਾ ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ