ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਅਕਤੂਬਰ
ਬਲੈਕਮੇਲ ਕਰਕੇ ਲੁੱਟਣ ਦੇ ਦੋਸ਼ ਹੇਠ ਪੁਲੀਸ ਨੇ ਦੋ ਔਰਤਾਂ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਦੌਰਾਨ ਹੋਰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਯਤਨਸੀਲ ਹੈ।
ਥਾਣਾ ਸਿਟੀ ਪੁਲੀਸ ਅਨੁਸਾਰ ਸੰਗਰੂਰ ਵਾਸੀ ਪੀੜਤ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ 30 ਸਤੰਬਰ ਨੂੰ ਸ਼ਾਮ 6 ਵਜੇ ਦੇ ਕਰੀਬ ਉਹ ਆਪਣੇ ਵਾਲ ਕਟਵਾਉਣ ਲਈ ਸੈਲੂਨ ’ਤੇ ਗਿਆ ਸੀ। ਉਥੇ ਰੋਹਿਤ ਕੁਮਾਰ ਨਾਂ ਦੇ ਵਿਅਕਤੀ ਨੇ ਗੱਲਬਾਤਾਂ ਵਿੱਚ ਦੱਸਿਆ ਕਿ ਉਸ ਨੂੰ ਉਸ ਜਗ੍ਹਾ ਦਾ ਪਤਾ ਹੈ ਜਿਥੇ ਕੁੜੀਆਂ ਨਾਲ ਮੇਲ-ਮਿਲਾਪ ਹੋ ਸਕਦਾ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਰੋਹਿਤ ਕੁਮਾਰ ਦੀਆਂ ਗਲਾਂ ਵਿੱਚ ਆ ਗਿਆ ਜੋ ਉਸ ਨੂੰ ਕੁੜੀਆਂ ਨਾਲ ਮਿਲਾਉਣ ਵਾਸਤੇ ਗੁਰੂ ਤੇਗ ਬਹਾਦਰ ਕਲੋਨੀ ਵਿੱਚ ਲੈ ਗਿਆ। ਉਥੇ ਇੱਕ ਲੜਕੀ ਤੇ ਇੱਕ ਹੋਰ ਵਿਅਕਤੀ ਮੌਜੂਦ ਸੀ ਜੋ ਆਪਣੇ ਆਪ ਨੂੰ ਲੜਕੀ ਦਾ ਪਤੀ ਦੱਸਦਾ ਸੀ।
ਮੌਕੇ ’ਤੇ ਲੌਗੋਵਾਲ ਦੀ ਵਸਨੀਕ ਇੱਕ ਔਰਤ, ਦੋ ਔਰਤਾਂ ਤੇ ਦੋ-ਤਿੰਨ ਹੋਰ ਅਣਪਛਾਤੇ ਵਿਅਕਤੀ ਵੀ ਮੌਜੂਦ ਸਨ ਜਿੰਨ੍ਹਾਂ ਨੇ ਉਸ ਨੂੰ ਇੱਕ ਹੋਰ ਲੜਕੀ ਨਾਲ ਮਿਲਾਇਆ ਜੋ ਉਸ ਨੂੰ ਜਬਰੀ ਕਮਰੇ ਵਿੱਚ ਲੈ ਲਈ ਅਤੇ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨ ਲੱਗੀ। ਇਸੇ ਦੌਰਾਨ ਮੌਕੇ ’ਤੇ ਮੌਜੂਦ ਸਾਰੇ ਜਣੇ ਅੰਦਰ ਆ ਗਏ ਅਤੇ ਕਹਿਣ ਲੱਗੇ ਕਿ ਹੁਣ ਉਹ ਘਟਨਾ ਬਾਰੇ ਪੁਲੀਸ ਕੇਸ ਬਣਵਾਉਣਗੇ, ਨਹੀਂ ਤਾਂ ਦੋ ਲੱਖ ਰੁਪਏ ਦੀ ਅਦਾਇਗੀ ਕੀਤੀ ਜਾਵੇ। ਸ਼ਿਕਾਇਤਕਰਤਾ ਅਨੁਸਾਰ ਉਹ ਡਰ ਗਿਆ ਤੇ ਉਸ ਨੇ ਕਿਹਾ ਕਿ ਮੇਰੇ ਕੋਲ ਕੁਝ ਨਹੀਂ। ਇਸੋੇ ਦੌਰਾਨ ਇੱਕ ਔਰਤ ਨੇ ਉਸ ਦੇ ਗਲ ਵਿਚ ਪਹਿਨੀ 23 ਗ੍ਰਾਮ ਸੋਨੇ ਦੀ ਚੇਨੀ ਧੱਕੇ ਨਾਲ ਲਾਹ ਲਈ ਅਤੇ ਧਮਕੀ ਦਿੱਤੀ ਕਿ ਜੇਕਰ ਦੋ ਲੱਖ ਰੁਪਏ ਹੋਰ ਨਾ ਦਿੱਤੇ ਤਾਂ ਲੜਕੀ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਕੇ ਜਬਰ-ਜਨਾਹ ਦਾ ਕੇਸ ਦਰਜ ਕਰਵਾ ਦਿੱਤਾ ਜਾਵੇਗਾ। ਉਸ ਨੇ ਡਰਦਿਆਂ ਦੋ ਲੱਖ ਰੁਪਏ ਬਾਅਦ ਵਿੱਚ ਦੇਣ ਲਈ ਹਾਂ ਕਰ ਦਿੱਤੀ। ਇਸ ਮਗਰੋਂ ਉਹ ਔਰਤਾਂ ਤੇ ਵਿਅਕਤੀਆਂ ਦੇ ਚੁੰਗਲ ਵਿੱਚੋਂ ਨਿਕਲਿਆ ਤੇ ਕਮਰੇ ਵਿੱਚੋਂ ਬਾਹਰ ਆਇਆ।
ਇਸ ਮਗਰੋਂ ਪੀੜਤ ਵਿਅਕਤੀ ਨੇ ਆਪਣੇ ਨਾਲ ਬੀਤੀ ਸਾਰੀ ਘਟਨਾ ਬਾਰੇ ਆਪਣੇ ਦੋਸਤ ਨੂੰ ਦੱਸਿਆ ਅਤੇ ਬਾਅਦ ਵਿੱਚ ਪੁਲੀਸ ਕੋਲ ਬਿਆਨ ਦਰਜ ਕਰਵਾਏ ਗਏ। ਥਾਣਾ ਸਿਟੀ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਪੀੜਤ ਵਿਅਕਤੀ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਦੋ ਔਰਤਾਂ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।