ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਅਪਰੈਲ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਸੰਗਰੂਰ-ਮਾਨਸਾ ਜ਼ੋਨ) ਦੇ ਜ਼ੋਨਲ ਦਫਤਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਮੌਕੇ ਵਿਸ਼ੇਸ਼ ਸਮਾਗਮ ਬਰਨਾਲਾ ਰੋਡ ’ਤੇ ਕਰਵਾਇਆ ਗਿਆ, ਜੋ ਕਿ ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜ਼ਰ ਆਰਥਿਕ ਕੌਂਸਲ ਲਾਭ ਸਿੰਘ, ਜ਼ੋਨ ਪ੍ਰਧਾਨ ਕੁਲਵੰਤ ਸਿੰਘ ਕਲਕੱਤਾ, ਜ਼ੋਨ ਮੀਤ ਪ੍ਰਧਾਨ ਅਜਮੇਰ ਸਿੰਘ ਫਤਹਿਗੜ੍ਹ ਛੰਨਾਂ ਤੇ ਜ਼ੋਨ ਸਕੱਤਰ ਕੁਲਵੰਤ ਸਿੰਘ ਨਾਗਰੀ ਦੀ ਨਿਗਰਾਨੀ ਹੇਠ ਹੋਇਆ।
ਇਸ ਦਫ਼ਤਰ ਲਈ ਸਥਾਨਕ ਬਰਨਾਲਾ ਰੋਡ ’ਤੇ ਗਊਸ਼ਾਲਾ ਦੇ ਨਜ਼ਦੀਕ ਗੁਰਦੇਵ ਸਿੰਘ ਗਰੇਵਾਲ ਅਤੇ ਬੀਬੀ ਹਰਬੰਤ ਕੌਰ ਦੇ ਪਰਿਵਾਰ ਵਲੋਂ ਜਗ੍ਹਾ ਦਾਨ ਕੀਤੀ ਗਈ ਹੈ। ਇਸ ਦੌਰਾਨ ਜ਼ੋਨਲ ਦਫ਼ਤਰ ਦੀ ਉਸਾਰੀ ਲਈ ਨੀਂਹ ਪੱਥਰ ਰੱਖਣ ਦੀ ਰਸਮ ਇਲਾਕੇ ਦੇ ਸੰਤ ਬਾਬਾ ਕ੍ਰਿਪਾਲ ਸਿੰਘ ਜੋਤੀਸਰ ਖੁਰਾਣਾ, ਬਾਬਾ ਦਰਸ਼ਨ ਸਿੰਘ ਬਾਠਾਂ ਵਾਲੇ ਤੋਂ ਇਲਾਵਾ ਦਾਨੀ ਪਰਿਵਾਰ ਦੇ ਮੈਂਬਰਾਂ ਵਲੋਂ ਅਦਾ ਕੀਤੀ ਗਈ। ਇਸ ਤੋਂ ਪਹਿਲਾਂ ਸੰਤ ਅੰਤਰ ਸਿੰਘ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਵਲੋਂ ਜਪੁਜੀ ਸਾਹਿਬ ਤੇ ਚੌਪਈ ਸਾਹਿਬ ਦਾ ਜਾਪ ਕੀਤਾ ਗਿਆ।