ਪੱਤਰ ਪ੍ਰੇਰਕ
ਸ਼ੇਰਪੁਰ, 28 ਜੁਲਾਈ
ਪਿੰਡ ਬਾਦਸ਼ਾਹਪੁਰ ਵਿੱਚ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਪਿੰਡ ਦੇ ਸਾਬਕਾ ਸਰਪੰਚ ਨੇ ਪੂਰੇ ਦੀ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਵਣ ਵਿਭਾਗ ਦੇ ਸੈਕਟਰੀ, ਡਿਪਟੀ ਕਮਿਸ਼ਨਰ ਸੰਗਰੂਰ ਅਤੇ ਪੰਚਾਇਤ ਵਿਭਾਗ ਨੂੰ ਲਿਖੇ ਸ਼ਿਕਾਇਤ ਪੱਤਰਾਂ ਵਿੱਚ ਪਿੰਡ ਬਾਦਸ਼ਾਹਪੁਰ ਦੇ ਸਾਬਕਾ ਸਰਪੰਚ ਰਾਮਸਰੂਪ ਨੇ ਮੌਜੂਦਾ ਪੰਚਾਇਤ ਮੁਖੀ ’ਤੇ ਹਾਲ ਹੀ ਦੌਰਾਨ ਇੱਕ ਦਰਜਨ ਤੋਂ ਵੱਧ ਦਰਖ਼ਤ ਵੱਢੇ ਜਾਣ ਅਤੇ ਕਥਿਤ ਤੌਰ ’ਤੇ ਇਨ੍ਹਾਂ ਦਰਖ਼ਤਾਂ ਨੂੰ ਖੁਰਦ-ਬੁਰਦ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਭੇਜੀਆਂ ਸ਼ਿਕਾਇਤਾਂ ਨਾਲ ਸਬੂਤ ਵਜੋਂ ਕੱਟੇ ਦਰਖ਼ਤਾਂ ਦੀਆਂ ਫੋਟੋਆਂ ਭੇਜੀਆਂ ਹਨ। ਉਨ੍ਹਾਂ ਮਾਮਲੇ ਦੀ ਨਿਰਪੱਖ ਜਾਂਚ ਕਿਸੇ ਪੀਸੀਐੱਸ ਅਧਿਕਾਰੀ ਤੋਂ ਕਰਵਾਏ ਜਾਣ ਦੀ ਮੰਗ ਕੀਤੀ।
ਸਰਪੰਚ ਪਰਿਵਾਰ ਨੇ ਦੋਸ਼ ਨਕਾਰੇ
ਬਾਦਸ਼ਾਹਪੁਰ ਦੀ ਸਰਪੰਚ ਬੀਬੀ ਦੇ ਪਤੀ ਨੇ ਸੰਪਰਕ ਕਰਨ ’ਤੇ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਹਿ ਕੇ ਮੁੱਢੋਂ ਹੀ ਰੱਦ ਕਰਦਿਆਂ ਇਸ ਨੂੰ ਪਿੰਡ ਦੀ ਪਾਰਟੀਬਾਜ਼ੀ ਦਾ ਨਤੀਜਾ ਦੱਸਿਆ। ਉਨ੍ਹਾਂ ਕਿਹਾ ਕਿ ਦਰੱਖ਼ਤ ਕਿਸੇ ਨੇ ਵੀ ਵੱਢੇ ਨਹੀਂ ਸਗੋਂ ਦਰਖ਼ਤ ਹਨੇਰੀ ਨਾਲ ਡਿੱਗੇ ਹਨ ਜੋ ਹਾਲੇ ਵੀ ਉੱਥੇ ਹੀ ਪਏ ਹਨ।