ਪੱਤਰ ਪ੍ਰੇਰਕ
ਸ਼ੇਰਪੁਰ, 12 ਜੁਲਾਈ
ਤਿੰਨ ਦਰਜ਼ਨ ਤੋਂ ਵੱਧ ਪਿੰਡਾਂ ਦੇ ਸੈਂਟਰ ਬਿੰਦੂ ਸਰਕਾਰੀ ਹਸਪਤਾਲ ਸ਼ੇਰਪੁਰ ’ਚ ਮਾਹਰ ਡਾਕਟਰਾਂ ਸਮੇਤ ਅਮਲੇ ਦੀ ਘਾਟ, ਮਰੀਜ਼ਾਂ ਦੀ ਖੱਜਲ-ਖੁਆਰੀ ਸਮੇਤ ਹੋਰ ਊਣਤਾਈਆਂ ’ਚ ਸੁਧਾਰ ਸਬੰਧੀ ਵਿਸਥਾਰੀ ਮੀਟਿੰਗ ਦੌਰਾਨ 11 ਮੈਂਬਰੀ ਐਕਸ਼ਨ ਕਮੇਟੀ ਬਣਾਈ ਗਈ। ਬੁਲਾਰਿਆ ਨੇ ਕਿਹਾ ਕਿ ਕਰੋੜਾਂ ਦੀ ਲਾਗਤ ਨਾਲ ਤਿਆਰ ਹਸਪਤਾਲ ਵਿੱਚ ਛੇ ਮਾਹਿਰ ਡਾਕਟਰ, ਲੋਕਾਂ ਦੀ ਸਿਹਤ ਜਾਂਚ ਲਈ ਲੋੜੀਦੇ ਟੈਸਟਾਂ ਲਈ ਲੈਬਾਟਰੀ ਵਿੱਚ ਮਨਜ਼ੂਰਸ਼ੁਦਾ ਛੇ ਅਸਾਮੀਆਂ ਖਾਲੀ ਹੋਣ ਸਮੇਤ ਹੋਰ ਸਿਹਤ ਅਮਲੇ ਦੀ ਵੱਡੇ ਪੱਧਰ ’ਤੇ ਘਾਟ ਹੈ। ਇਸ ਤੋਂ ਇਲਾਵਾ ਲੋੜੀਦੇ ਔਜ਼ਾਰਾਂ ਦੇ ਨਾਲ-ਨਾਲ ਹਸਪਤਾਲ ਵਿੱਚ ਐਂਬੂਲੈਂਸ ਵੀ ਨਹੀਂ ਹੈ। ਮੀਟਿੰਗ ਵਿੱਚ ਖਾਸ਼ ਤੌਰ ’ਤੇ 4 ਜੁਲਾਈ ਦੀ ਰਾਤ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਆਏ ਮਨਜੀਤ ਧਾਮੀ ਨੂੰ ਮੁੱਢਲੀ ਸਹਾਇਤਾ ਨਾ ਦੇਣ ਅਤੇ ਬਿਨਾਂ ਰੈਫ਼ਰ ਕੀਤਿਆਂ ਵਾਪਸ ਭੇਜਣ ਦਾ ਮੁੱਦਾ ਭਾਰੂ ਰਿਹਾ। ਮੀਟਿੰਗ ਦੌਰਾਨ ਸਰਪੰਚ ਰਣਜੀਤ ਸਿੰਘ ਧਾਲੀਵਾਲ, ਵਪਾਰ ਮੰਡਲ ਦੇ ਪ੍ਰਧਾਨ ਮਨਦੀਪ ਖੀਪਲ, ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਲੋਕ ਮੰਚ ਦੇ ਆਗੂ ਗੁਰਨਾਮ ਸਿੰਘ ਆਦਿ ਮੌਜੂਦ ਸਨ। ਐਕਸ਼ਨ ਕਮੇਟੀ ਨੇ ਐੱਸਐੱਮਓ ਕਿਰਪਾਲ ਸਿੰਘ ਨਾਲ ਮੁਲਾਕਾਤ ਕਰਕੇ ਮਨਜੀਤ ਸਿੰਘ ਧਾਮੀ ਮਾਮਲੇ ਦੀ ਜਾਂਚ ਦੀ ਮੰਗ ਕੀਤੀ।