ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂੰ): ਪੰਜਾਬ ਦੇ ਬੇਰੁਜ਼ਗਾਰ ਇਲੈਕਟ੍ਰੀਕਲ ਡਿਪਲੋਪਾ ਹੋਲਡਰਜ਼ ਦੀ ਮੀਟਿੰਗ ਵਿੱਚ ਸਮੂਹ ਡਿਪਲੋਮਾ ਹੋਲਰਡਜ਼ ਨੇ ਯੂਨੀਅਨ ਦਾ ਗਠਨ ਕਰਕੇ ਬੈਨਰ ਜਾਰੀ ਕੀਤਾ। ਮੀਟਿੰਗ ਵਿੱਚ ਕਿਹਾ ਗਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵਿੱਚ ਸਹਾਇਕ ਲਾਈਨਮੈਨ ਅਤੇ ਸਹਾਇਕ ਸਬ-ਸਟੇਸ਼ਨ ਅਟੈਂਡੈਂਟ ਦੀਆਂ ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਹੋਇਆ ਸੀ, ਜਿਸ ਵਿੱਚ ਭਰਤੀ ਨਿਰੋਲ ਮੈਰਿਟ ਦੇ ਆਧਾਰ ‘ਤੇ ਕਰਨ ਸਬੰਧੀ ਵਰਨਣ ਕੀਤਾ ਗਿਆ ਸੀ। ਇਸ ਭਰਤੀ ਲਈ ਮਹਿਕਮੇ ਵੱਲੋਂ ਉਪਰੋਕਤ ਦੋਵੇਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਦੀ ਪ੍ਰੋਵੀਜ਼ਨ ਸਬੰਧੀ ਰਾਸ਼ਟਰੀ ਪੱਧਰ ਦੇ ਅਖ਼ਬਾਰਾਂ ਵਿੱਚ ਖ਼ਬਰਾਂ ਪ੍ਰਕਾਸ਼ਿਤ ਕਰਵਾਈਆਂ ਗਈਆਂ ਹਨ ਪਰ ਇਸ ਤੋਂ ਪਹਿਲਾਂ ਇਨ੍ਹਾਂ ਅਸਾਮੀਆਂ ਲਈ ਕੋਈ ਲਿਖਤੀ ਟੈਸਟ ਨਹੀਂ ਹੁੰਦਾ ਸੀ ਅਤੇ ਭਰਤੀ ਆਈਟੀਆਈ (ਇਲੈਕਟ੍ਰੀਕਲ) ਦੇ ਉਮੀਦਵਾਰਾਂ ਵਿੱਚੋਂ ਮੈਰਿਟ ਦੇ ਆਧਾਰ ’ਤੇ ਕੀਤੀ ਜਾਂਦੀ ਸੀ। ਮੀਟਿੰਗ ਵਿੱਚ ਪੰਜਾਬ ਸਰਕਾਰ, ਚੇਅਰਮੈਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਚੇਅਰਮੈਨ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਤੋਂ ਮੰਗ ਕੀਤੀ ਗਈ ਕਿ ਸਹਾਇਕ ਲਾਈਨਮੈਨ ਅਤੇ ਸਹਾਇਕ ਸਬ-ਸਟੇਸ਼ਨ ਅਟੈਂਡੈਂਟ ਦੀਆਂ ਅਸਾਮੀਆਂ ਲਈ ਡਿਪਲੋਮਾ ਹੋਲਡਰਜ਼ (ਇਲੈਕਟ੍ਰੀਕਲ) ਨੂੰ ਇਨ੍ਹਾਂ ਦੋਵੇਂ ਅਸਾਮੀਆਂ ਲਈ ਵਿਚਾਰਿਆ ਜਾਵੇ।