ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਜੂਨ
ਅੱਜ ਇੱਥੇ ਕੜਕਦੀ ਧੁੱਪ ਵਿੱਚ ਜੰਗਲਾਤ ਕਾਮਿਆਂ ਨੇ ਵਣ ਪਾਲ (ਸਾਊਥ ਸਰਕਲ) ਦਫ਼ਤਰ ਅੱਗੇ ਲਾਕਡਾਊਨ ਦੌਰਾਨ ਚੌਥੀ ਵਾਰ ਰੈਲੀ ਕੀਤੀ, ਆਗੂਆਂ ਨੇ ਮੰਗ ਕੀਤੀ ਕਿ ਵਣ ਮੰਡਲਾਂ ਵਿਚਲੇ ਦਿਹਾੜੀਦਾਰ ਕਰਮੀਆਂ ਦੀਆਂ ਤਨਖ਼ਾਹਾਂ ਜਾਰੀ ਕਰਵਾਈਆਂ ਜਾਣ ਤੇ ਟੁੱਟਵੀਆਂ ਤਨਖ਼ਾਹਾਂ ਦੀ ਬਜਾਏ ਪੂਰੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ।
ਇਸ ਮੌਕੇ ਵਣ ਪਾਲ ਸਾਊਥ ਨੂੰ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਕੁਲਵਿੰਦਰ ਸਿੰਘ, ਕੇਵਲ ਸਿੰਘ, ਅਮਰਜੀਤ ਧਾਲੀਵਾਲ, ਤਰਲੋਚਨ ਗਿਰ ਮਾੜੂ ਸ਼ੇਖੁਪੁਰ, ਗੁਰਮੇਲ ਸਿੰਘ ਸਮਾਣਾ, ਜਗਰੂਪ ਸਿੰਘ ਨਾਭਾ, ਤਰਲੋਚਨ ਮੰਡੋਲੀ ਰਾਜਪੁਰਾ, ਦਰਸ਼ਨ ਸਿੰਘ ਭਾਦਸੋਂ, ਰਾਮ ਪ੍ਰਸ਼ਾਦ ਸਹੋਤਾ ਨੇ ਮੰਗ ਪੱਤਰ ਵੀ ਸੌਂਪਿਆ। ਆਗੂਆਂ ਨੇ ਕਿਹਾ ਕਿ ਵਣ ਰੇਂਜ ਸਮਾਣਾ, ਨਾਭਾ, ਸਰਹਿੰਦ, ਰਾਜਪੁਰਾ, ਭਾਦਸੋਂ ਤੇ ਪਟਿਆਲਾ ਵਿਚਲੇ ਸਾਰੇ ਕਰਮੀਆਂ ਨੂੰ ਅਪਰੈਲ ਅਤੇ ਮਈ ਮਹੀਨਿਆਂ ਤੇ ਕੁੱਝ ਰੇਂਜਾਂ ਵਿੱਚ ਫਰਵਰੀ, ਮਾਰਚ ਦੀ ਤਨਖ਼ਾਹ ਜਾਰੀ ਨਹੀਂ ਹੋਈਆਂ। ਰੈਲੀ ਵਿੱਚ ਐਲਾਨ ਕੀਤਾ ਗਿਆ ਕਿ ਲਾਕਡਾਊਨ ਖ਼ਤਮ ਹੋਣ ’ਤੇ ਵਣ ਮੰਤਰੀ ਦੇ ਵਿਧਾਨ ਸਭਾ ਹਲਕੇ ਵਿੱਚ ਧਿਆਨ ਦਿਵਾਉ ਰੈਲੀ ਕੀਤੀ ਜਾਵੇਗੀ। ਇਸ ਰੈਲੀ ਦੀ ਅਗਵਾਈ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, (ਸਬ ਕਮੇਟੀ ਜੰਗਲਾਤ/ਜੰਗਲਾਤ ਨਿਗਮ) ਨੇ ਕੀਤੀ। ਇਸ ਮੌਕੇ ਜੰਗਲਾਤ, ਜੰਗਲੀ ਜੀਵ ਸੁਰੱਖਿਆ ਤੇ ਜੰਗਲਾਤ ਨਿਗਮ ਦੇ ਚੌਥਾ ਦਰਜਾ ਤੇ ਦਿਹਾੜੀਦਾਰ ਕਰਮੀਆਂ ਦੀਆਂ ਚਿਰਾਂ ਤੋਂ ਲਮਕ ਰਹੀਆਂ ਮੰਗਾਂ ਸਮੇਤ ਸੇਵਾਵਾਦੀ ਰੈਗੂਲਾਈਜੇਸ਼ਨ ਤੇ ਸੀਨੀਅਰਤਾ ਸੂਚੀਆਂ ਮੁਕੰਮਲ ਕਰਵਾਉਣ ਸਬੰਧੀ ਵਣ ਮੰਤਰੀ ਦੇ ਵਿਧਾਨ ਸਭਾ ਹਲਕਾ ਨਾਭਾ ਤੋਂ ਲੈ ਕੇ ਵਣ ਭਵਨ ਮੁਹਾਲੀ ਵਿੱਚ ਧਰਨੇ, ਮੁਜ਼ਾਹਰੇ ਕਰਨ ਦੇ ਬਾਵਜੂਦ ਸਰਕਾਰ ਦੀ ਅਫ਼ਸਰਸ਼ਾਹੀ ਨੇ ਮੰਗਾਂ ’ਤੇ ਫ਼ੈਸਲੇ ਕਰਕੇ ਵੀ ਤਿੰਨ ਸਾਲਾਂ ਵਿੱਚ ਇੱਕ ਵੀ ਮੰਗ ’ਤੇ ਅਮਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਪੜਾਅਵਾਰ ਸੰਘਰਸ਼ ਜਾਰੀ ਹੈ ਪਰ ਸਰਕਾਰ ਤੇ ਵਿਭਾਗ ਦੇ ਅਧਿਕਾਰੀਆਂ ਨੇ ਕੋਈ ਨੋਟਿਸ ਨਹੀਂ ਲਿਆ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਅਗਲਾ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਅੱਗੇ ਰੈਲੀ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਵੱਲੋਂ ਇੱਥੇ ਚੇਅਰਮੈਨ ਤੇ ਮੈਂਬਰ ਸਕੱਤਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਦਫ਼ਤਰ ਵਾਤਾਵਰਨ ਭਵਨ ਵਿੱਚ ਬੋਰਡ ਦੇ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਲਮਕਾ ਅਵਸਥਾ ਚਲ ਰਹੀਆਂ ਮੰਗਾਂ ਅਤੇ ਉਨ੍ਹਾਂ ਨਾਲ ਹੋ ਰਹੀਆਂ ਵਧੀਕਿਆਂ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ’ਤੇ ਰੋਸ ਰੈਲੀ ਕੀਤੀ। ਰੈਲੀ ਦੌਰਾਨ ਮੈਂਬਰ ਸਕੱਤਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਵੱਲੋਂ ਇਹ ਵੀ ਫੈਸਲਾ ਲਿਆ ਕਿ ਮੈਂਬਰ ਸਕੱਤਰ ਦੀਆਂ ਵਧੀਕੀਆਂ ਵਿਰੁੱਧ 26 ਜੂਨ ਨੂੰ ਮੁੜ ਅਰਥੀ ਫੂਕੀ ਜਾਵੇਗੀ ਤੇ ਇਸ ਅਧਿਕਾਰੀ ਦੀ ਨਿੱਜੀ ਰਿਹਾਇਸ਼ੀ ਅੱਗੇ ਵੀ ਪਿੱਟ ਸਿਆਪਾ ਕਰਨ ਦਾ ਐਲਾਨ ਕੀਤਾ। ਸੂਬਾਈ ਮੁਲਾਜ਼ਮ ਆਗੂ ਦਰਸ਼ਨ ਸਿੰਘ ਲੁਬਾਣਾ ਨੇ ਪ੍ਰਦਰਸ਼ਨ ਦੌਰਾਨ ਦੋਸ਼ ਮੜਿਆ ਕਿ ਬੋਰਡ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸਿਖ਼ਰ ’ਤੇ ਹੈ। ਉਨ੍ਹਾਂ ਬੋਰਡ ਦੀ ਮੈਨੇਜਮੈਂਟ ਨੂੰ ਕਟਹਿਰੇ ਵਿੱਚ ਲੈਂਦਿਆਂ ਦੱਸਿਆ ਕਿ ਬੋਰਡ ਨੂੰ ਜਥੇਬੰਦੀ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਦੇ ਮੈਮੋਰੰਡਮ ਦਿੱਤੇ ਜਾਂਦੇ ਰਹੇ ਹਨ ਪਰ ਕੋਈ ਅਮਲ ਨਹੀਂ ਕੀਤਾ ਗਿਆ। ਵੱਖ ਵੱਖ ਆਗੂਆਂ ਇਹ ਵੀ ਗਿਲਾ ਕੀਤਾ ਕਿ ਮੁਲਾਜ਼ਮਾਂ ਪ੍ਰਤੀ ਮੈਂਬਰ ਸਕੱਤਰ ਵੱਲੋਂ ਕਥਿਤ ਬਦਲਾ ਲਊ ਭਾਵਨਾ ਦਾ ਰਵੱਈਆ ਅਖਤਿਆਰ ਕੀਤਾ ਹੋਇਆ ਹੈ। ਤਿੰਨ ਸਾਲ ਦੀ ਸੇਵਾ ਵਾਲੇ ਦਰਜਾ ਚਾਰ ਕਰਮਚਾਰੀ ਨੂੰ ਬਗੈਰ ਟੈਸਟ ਪਾਸ ਕੀਤੇ ਕਲਰਕ ਬਣਾ ਦਿੱਤਾ ਹੈ। ਜਦੋਂ ਕਿ ਵਿੱਦਿਅਕ ਯੋਗਤਾ ਰੱਖਦੇ 10, 15, 20 ਸਾਲਾ ਵਾਲੇ ਕਰਮਚਾਰੀ ਉਡੀਕ ਵਿੱਚ ਹਨ। ਰੈਲੀ ਦੀ ਅਗਵਾਈ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਰਤਨ ਸਿੰਘ, ਰਾਕੇਸ਼ ਸ਼ਰਮਾ, ਰਾਮਲਾਲ ਰਾਮਾ, ਮਾਧੋ ਲਾਲ, ਕਾਕਾ ਸਿੰਘ, ਬਲਬੀਰ ਸਿੰਘ, ਗੁਰਦਰਸ਼ਨ ਸਿੰਘ, ਅਮਰਜੀਤ ਧਾਰੀਵਾਲ, ਰਾਮ ਪ੍ਰਸਾਦ ਸਹੋਤਾ, ਪ੍ਰਕਾਸ਼ ਸਿੰਘ, ਪ੍ਰੀਤਮ ਚੰਦ ਠਾਕੁਰ ਆਦਿ ਨੇ ਕੀਤੀ।
ਬੋਰਡ ਦੇ ਮੈਂਬਰ ਸਕੱਤਰ ਨੇ ਦੋਸ਼ ਨਕਾਰੇ
ਬੋਰਡ ਦੇ ਮੈਂਬਰ ਸਕੱਤਰ ਇੰਜੀ. ਗਰਗ ਨੇ ਰੈਲੀ ਦੌਰਾਨ ਉਪਜੇ ਦੋਸ਼ਾਂ ਨੂੰ ਬੇਬੁਨਿਆਦ ਗਰਦਾਨਦਿਆਂ ਦੱਸਿਆ ਕਿ ਬੋਰਡ ਵਿੱਚ ਸਾਰੇ ਕੰਮ ਮੈਰਿਟ ਤੇ ਪਾਰਦਰਸ਼ੀ ਤੌਰ ’ਤੇ ਹੋ ਰਹੇ ਹਨ।