ਰਵੇਲ ਸਿੰਘ ਭਿੰਡਰ
ਪਟਿਆਲਾ, 15 ਜੂਨ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ. ਸਿੰਘ ਓਬਰਾਏ ਨੇ ਵੱਡੀ ਪਹਿਲ ਕਦਮੀ ਕਰਦਿਆਂ ਪੰਜਾਬ ਦੀ ਬੌਧਿਕਤਾ, ਸਾਹਿਤਕਾਰੀ ਅਤੇ ਸਿੱਖ ਇਤਿਹਾਸਕਾਰੀ ਨੂੰ ਸਾਂਭਣ ਲਈ ਆਨੰਦਪੁਰ ਸਾਹਿਬ ਵਿਚ ‘ਵਿਵੇਕ ਸਦਨ’ ਨਾਂ ਦੀ ਇੱਕ ਇਮਾਰਤ ਤਿਆਰ ਕਰਵਾ ਕੇ ਉਸ ਅੰਦਰ ਸੰਨੀ ਓਬਰਾਏ ਐਡਵਾਂਸ ਰਿਸਰਚ ਸੈਂਟਰ ਦੀ ਸਥਾਪਨਾ ਕੀਤੀ ਹੈ।
ਇਸ ਸਬੰਧੀ ਸ੍ਰੀ ਓਬਰਾਏ ਨੇ ਦੱਸਿਆ ਕਿ ਇਸ ਇਮਾਰਤ ਅੰਦਰ ਟਰੱਸਟ ਵੱਲੋਂ ਅਜਿਹੇ ਕਵੀਆਂ, ਲੇਖਕਾਂ, ਬੁੱਧੀਜੀਵੀਆਂ ਤੇ ਸਾਹਿਤਕਾਰਾਂ ਨੂੰ ਰੱਖਿਆ ਜਾਵੇਗਾ ਜੋ ਨਾਮਵਰ ਤਾਂ ਹਨ ਪਰ ਅਣਗੌਲੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ’ਚ ਆਇਆ ਸੀ ਕਿ ਬਹੁਤ ਸਾਰੇ ਵੱਡੇ ਕਵੀ, ਸਾਹਿਤਕਾਰ ਤੇ ਬੁੱਧੀਜੀਵੀ ਵੱਖ-ਵੱਖ ਬਿਰਧ ਆਸ਼ਰਮਾਂ, ਧਰਮਸ਼ਾਲਾਵਾਂ ਅਤੇ ਗੁਰਦੁਆਰਿਆਂ ਆਦਿ ’ਚ ਆਪਣਾ ਜੀਵਨ ਬਸਰ ਕਰ ਰਹੇ ਹਨ। ਉਨ੍ਹਾਂ ਨੂੰ ਇਸ ਸਦਨ ਵਿਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਟਰੱਸਟ ਵੱਲੋਂ ਮੁਫ਼ਤ ਖਾਣਾ, ਰਿਹਾਇਸ਼ ਤੇ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਇਨ੍ਹਾਂ ਦੁਆਰਾ ਲਿਖੀਆਂ ਗਈਆਂ ਲਿਖਤਾਂ ਨੂੰ ਟਰੱਸਟ ਵੱਲੋਂ ਪ੍ਰਕਾਸ਼ਿਤ ਕੀਤਾ ਜਾਵੇਗਾ ਤੇ ਸਿੱਖ ਧਰਮ ਤੇ ਇਤਿਹਾਸ ਨਾਲ ਸਬੰਧਤ ਲਿਖਤਾਂ ’ਤੇ ਖੋਜ ਵੀ ਕੀਤੀ ਜਾਵੇਗੀ।